Punjab

ਸਿੱਧੂ ਨੇ ਕੇਜਰੀਵਾਲ ‘ਤੇ ਧਰੀ ਤਿੱਖੀ ਸੂਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵੋਜਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿੱਧੇ ਹੱਥੀਂ ਲਿਆ ਹੈ। ਸਿੱਧੂ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਚਿਹਰੇ ਤੋਂ ਮਖੌਟਾ ਉਤਾਰ ਦੇਣਗੇ ਅਤੇ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਗੁੰਮਰਾਹ ਨਹੀਂ ਕਰਨ ਦੇਣਗੇ। ਸਿੱਧੂ ਨੇ ਕੇਜਰੀਵਾਲ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੇਜਰੀਵਾਲਹਰਿਆਣਾ ਵਿੱਚ SYL ਮੁੱਦੇ ਉੱਤੇ ਕੁੱਝ ਹੋਰ ਕਹਿੰਦੇ ਹਨ, ਪੰਜਾਬ ਵਿੱਚ ਆ ਕੇ ਕੁੱਝ ਹੋਰ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਝੂਠਾ ਬੰਦਾ ਮੈਂ ਅੱਜ ਤੱਕ ਨਹੀਂ ਵੇਖਿਆ।

ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਇੱਕ ਪ੍ਰਾਈਵੇਟ ਨੰਬਰ ਲਾਂਚ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ 21 ਲੱਖ 60 ਹਜ਼ਾਰ ਮੈਸੇਜ ਆਏ ਹਨ। ਸਿੱਧੂ ਨੇ ਕਿਹਾ ਕਿ ਇੱਕ ਫੋਨ ਜਾਂ ਮੈਸੇਜ ਨੂੰ ਆਉਣ ਵਿੱਚ 15 ਕੁ ਸਕਿੰਟ ਲੱਗਦੇ ਹਨ। ਮਤਲਬ 24 ਘੰਟੇ ਲਗਾਤਾਰ ਫੋਨ ਵੱਜਦਾ ਰਿਹਾ ਹੈ। ਸਿੱਧੂ ਨੇ ਦਾਅਵਾ ਕਰਦਿਆਂ ਕਿਹਾ ਕਿ 5 ਹਜ਼ਾਰ 760 ਤੋਂ ਜ਼ਿਆਦਾ ਫੋਨ ਜਾਂ ਮੈਸੇਜ ਇੱਕ ਦਿਨ ਵਿੱਚ ਨਹੀਂ ਆ ਸਕਦੇ। ਕੇਜਰੀਵਾਲ ਝੂਠੀ ਖਬਰ ਨੂੰ ਲੋਕਾਂ ਵਿੱਚ ਫੈਲਾ ਰਹੇ ਹਨ। ਕੇਜਰੀਵਾਲ Mask Rader ਹੈ। ਮੈਂ ਇਸ ਮੁੱਦੇ ਉੱਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਕਿ ਕਿਵੇਂ ਪੰਜਾਬ ਵਾਸੀਆਂ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਮੂਰਖ ਬਣਾਇਆ ਜਾ ਰਿਹਾ ਹੈ। ਸਿੱਧੂ ਨੇ ਕੇਜਰੀਵਾਲ ਨੂੰ ਜਾਰੀ ਕੀਤੇ ਪ੍ਰਾਈਵੇਟ ਨੰਬਰ ‘ਤੇ ਆਏ ਸਾਰੇ ਫੋਨ ਅਤੇ ਮੈਸੇਜ ਦਾ ਰਿਕਾਰਡ ਦੇਣ ਦੀ ਚੁਣੌਤੀ ਦਿੱਤੀ। ਕੇਜਰੀਵਾਲ ਦਾ ਚਿੱਟਾ ਝੂਠ ਸਾਹਮਣੇ ਆ ਗਿਆ ਹੈ।

ਸਿੱਧੂ ਨੇ ਕਿਹਾ ਆਪ ਨੇ ਸੀਐੱਮ ਫੇਸ ਸਕੈਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ਤਾਂ ਕੰਪਿਊਟਰ ਤੋਂ ਵੀ ਤੇਜ਼ ਨਿਕਲੀ ਹੈ। ਆਪ ਨੇ ਜੋ ਅੰਕੜੇ ਦਿੱਤੇ ਹਨ, ਉਹ ਕੰਪਿਊਟਰ ਤੋਂ ਵੀ ਅਸੰਭਵ ਹਨ। 21 ਲੱਖ ਕਾਲਾਂ ਡੀਕੋਡ ਕਰਨ ਲਈ ਇੱਕ ਸਾਲ ਲੱਗੇਗਾ। ਆਪ ਦੇ ਸੀਐੱਮ ਫੇਸ ਦੀ ਗੱਲ ਕਰਦੇ ਨਾਮ ਸਿੱਧੂ ਦਾ ਆ ਰਿਹਾ ਹੈ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸੀਐੱਮ ਫੇਸ ਸਕੈਮ ਲਈ ਮੁਆਫੀ ਮੰਗਣ। ਕੇਜਰੀਵਾਲ ਨੇ ਸੀਐੱਮ ਚਿਹਰੇ ਦਾ ਐਲਾਨ ਮਜ਼ਬੂਰੀ ਵਿੱਚ ਕੀਤਾ ਹੈ, ਸੀਐੱਮ ਚਿਹਰਾ ਇਹ ਖੁਦ ਬਣਨਾ ਚਾਹੁੰਦਾ ਸੀ।