The Khalas Tv Blog Punjab ਸੈਂਕੜੇ ਖੇਤੀ ਵਿਗਿਆਨੀ ਪੈਦਾ ਕਰਨ ਵਾਲੇ ਇਸ ਕਾਲਜ ਵਿੱਚੋਂ ਖੇਤੀਬਾੜੀ ਵਿਭਾਗ ਦਾ ਕੋਰਸ ਬੰਦ ਕਰਨ ਦੀ ਤਿਆਰੀ
Punjab

ਸੈਂਕੜੇ ਖੇਤੀ ਵਿਗਿਆਨੀ ਪੈਦਾ ਕਰਨ ਵਾਲੇ ਇਸ ਕਾਲਜ ਵਿੱਚੋਂ ਖੇਤੀਬਾੜੀ ਵਿਭਾਗ ਦਾ ਕੋਰਸ ਬੰਦ ਕਰਨ ਦੀ ਤਿਆਰੀ

‘ਦ ਖ਼ਾਲਸ ਬਿਊਰੋ:- ਸਰਕਾਰੀ ਬਰਜਿੰਦਰਾ ਕਾਲਜ,ਫਰੀਦਕੋਟ ‘ਤੇ ਖਤਰੇ ਦੇ ਸੰਕਟ ਛਾਏ ਹੋਏ ਹਨ ਕਿਉਂਕਿ ਕੇਂਦਰੀ ਖੇਤੀਬਾੜੀ ਕੌਂਸਲ ਨੇ ਇਤਿਹਾਸਕ ਬਰਜਿੰਦਰਾ ਕਾਲਜ ਦੇ ਖੇਤੀਬਾੜੀ ਵਿਭਾਗ ਨੂੰ ਇਸ ਵਾਰ ਬੀ.ਐੱਸ.ਸੀ (ਖੇਤੀਬਾੜੀ) ਦੇ ਦਾਖ਼ਲਿਆਂ ਲਈ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਰਕੇ ਬਰਜਿੰਦਰਾ ਕਾਲਜ ਵਿੱਚ ਬੀ.ਐੱਸ.ਸੀ (ਖੇਤੀਬਾੜੀ) ਦੀਆਂ ਰਾਖਵੀਂਆਂ 100 ਸੀਟਾਂ ਦੀ ਹੋਂਦ ਖਤਰੇ ਵਿੱਚ ਪੈ ਗਈ ਹੈ। ਖੇਤੀਬਾੜੀ ਕੌਂਸਲ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਬਰਜਿੰਦਰਾ ਕਾਲਜ ਵਿੱਚ ਸਥਾਪਿਤ ਕੀਤੇ ਗਏ ਖੇਤੀਬਾੜੀ ਵਿਭਾਗ ਵਿੱਚ ਲੋੜੀਂਦੇ ਪ੍ਰੋਫੈਸਰਾਂ, ਹੋਰ ਅਮਲੇ ਅਤੇ ਪ੍ਰਯੋਗ ਲਈ ਸਾਜ਼ੋ-ਸਾਮਾਨ ਦੀ ਘਾਟ ਹੈ, ਜਿਸ ਕਰਕੇ ਅਧੂਰੇ ਪ੍ਰਬੰਧਾਂ ਵਾਲੇ ਵਿਭਾਗ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ।

ਕਾਲਜ ਦੇ ਪ੍ਰੋਫੈਸਰ ਨਰਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਬੀਐੱਸਸੀ (ਖੇਤੀਬਾੜੀ) ਦੇ ਵਿਦਿਆਰਥੀਆਂ ਦੀ ਪ੍ਰਯੋਗੀ ਪੜ੍ਹਾਈ ਲਈ ਕਾਲਜ ਦੇ ਨਾਲ ਕਰੀਬ 35 ਏਕੜ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਬੀਐੱਸਸੀ ਕਰਨ ਵਾਲੇ ਪਹਿਲੇ 50 ਵਿਦਿਆਰਥੀਆਂ ਦੀ ਫੀਸ ਸਿਰਫ਼ 10 ਹਜ਼ਾਰ ਰੁਪਏ ਹੈ। ਭਾਰਤੀ ਖੇਤੀਬਾੜੀ ਖੋਜ ਕੇਂਦਰ ਨੇ ਪੰਜਾਬ ਦੇ ਉਨ੍ਹਾਂ ਸਾਰੇ ਖੇਤੀਬਾੜੀ ਕਾਲਜਾਂ ਨੂੰ ਵਿਦਿਆਰਥੀਆਂ ਦੇ ਦਾਖ਼ਲੇ ਕਰਨ ਤੋਂ ਰੋਕ ਦਿੱਤਾ ਹੈ ਜਿਨ੍ਹਾਂ ਕਾਲਜਾਂ ਕੋਲ 50 ਏਕੜ ਤੱਕ ਜ਼ਮੀਨ ਨਹੀਂ ਹੈ।

ਕੁੱਝ ਨਿੱਜੀ ਕਾਲਜਾਂ ਨੇ ਆਪਣੀ ਹੋਂਦ ਬਚਾਉਣ ਲਈ ਜ਼ਮੀਨ ਠੇਕੇ ’ਤੇ ਲੈ ਕੇ ਦਾਖ਼ਲੇ ਕਰਨ ਦੀ ਆਗਿਆ ਮੰਗੀ ਹੈ। ਇਸ ਮੌਕੇ ਪੰਜਾਬ ਵਿੱਚ 5 ਸਰਕਾਰੀ ਅਤੇ 82 ਗੈਰ-ਸਰਕਾਰੀ ਖੇਤੀਬਾੜੀ ਕਾਲਜ ਹਨ, ਜਿੱਥੇ ਬੀ.ਐੱਸ.ਸੀ (ਖੇਤੀਬਾੜੀ) ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ 87 ਵਿੱਚੋਂ 81 ਕਾਲਜ ਭਾਰਤੀ ਖੇਤੀਬਾੜੀ ਖੋਜ ਕੇਂਦਰ ਦੀਆਂ ਸ਼ਰਤਾਂ ’ਤੇ ਖਰੇ ਨਹੀਂ ਉੱਤਰ ਰਹੇ।

ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੋ ਹੋਰ ਖੇਤੀਬਾੜੀ ਕਾਲਜ ਖੋਲ੍ਹਣ ਦਾ ਐਲਾਨ ਕਰ ਚੁੱਕੀ ਹੈ, ਦੂਜੇ ਪਾਸੇ ਪਹਿਲਾਂ ਹੀ ਸਫ਼ਲਤਾ ਪੂਰਵਕ ਚੱਲ ਰਹੇ ਕਾਲਜ ਦੇ ਖੇਤੀਬਾੜੀ ਵਿਭਾਗ ਨੂੰ ਪ੍ਰਬੰਧਾਂ ਦੀ ਘਾਟ ਕਰਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਬਰਜਿੰਦਰਾ ਕਾਲਜ ਦੇ ਖੇਤੀਬਾੜੀ ਵਿਭਾਗ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਬੰਧਾਂ ਦੀ ਘਾਟ ਹੋਈ ਤਾਂ ਇਸ ਨੂੰ ਬਿਨਾਂ ਦੇਰੀ ਦੂਰ ਕਰ ਦਿੱਤਾ ਜਾਵੇਗਾ।

ਸਰਕਾਰੀ ਬਰਜਿੰਦਰਾ ਕਾਲਜ,ਫਰੀਦਕੋਟ ਵਿੱਚ ਸਾਲ 1982 ਵਿੱਚ ਖੇਤੀਬਾੜੀ ਵਿਭਾਗ ਦੀ ਸਥਾਪਨਾ ਹੋਈ ਸੀ। ਇਹ ਕਾਲਜ ਹੁਣ ਤੱਕ ਸੈਂਕੜੇ ਖੇਤੀ ਵਿਗਿਆਨੀ ਪੈਦਾ ਕਰ ਚੁੱਕਾ ਹੈ।

Exit mobile version