Punjab

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰਾਜੈਕਟ ਦਾ ਦੌਰਾ

ਪਠਾਨਕੋਟ : ਪੰਜਾਬ ਵਿੱਚ ਕਣਕਾਂ ਦੀ ਵਾਢੀ ਤੋਂ ਬਾਅਦ ਹੁਣ ਅਗਲੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੀ ਤਿਆਰੀ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ  ਜ਼ਿਲ੍ਹਾ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰਾਜੈਕਟ ਦਾ ਦੌਰਾ ਕੀਤਾ ਹੈ।

ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਰਣਜੀਤ ਸਾਗਰ ਡੈਮ ਦੇ ਸ਼ਹੀਦੀ ਸਮਾਰਕ ’ਤੇ ਜਾ ਕੇ ਇਸ ਡੈਮ ਦੀ ਉਸਾਰੀ ਦੌਰਾਨ ਸ਼ਹੀਦ ਹੋਏ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਜਿਸ ਤੋਂ ਬਾਅਦ ਬਿਜਲੀ ਮੰਤਰੀ ਨੇ ਰਣਜੀਤ ਸਾਗਰ ਡੈਮ ਦੇ ਪਾਵਰ ਹਾਊਸ ਅਤੇ ਗਰਿੱਡ ਸਬ-ਸਟੇਸ਼ਨ ਦਾ ਦੌਰਾ ਕੀਤਾ। ਰਣਜੀਤ ਸਾਗਰ ਡੈਮ ਦੇ ਇੰਜੀਨੀਅਰ ਅਤੇ ਮੁੱਖ ਇੰਜੀਨੀਅਰ ਹਾਈਡਲ ਪ੍ਰਾਜੈਕਟ ਵੱਲੋਂ ਬਿਜਲੀ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਪੈਡੀ ਸੀਜ਼ਨ ਵਿੱਚ ਬਿਜਲੀ ਪੂਰਤੀ ਲਈ ਰਣਜੀਤ ਸਾਗਰ ਡੈਮ ਆਪਣੀ ਪੂਰੀ ਸਮਰਥਾ ’ਤੇ ਚੱਲ ਸਕਦਾ ਹੈ ।

ਰਣਜੀਤ ਸਾਗਰ ਡੈਮ ਦਾ ਦੌਰਾ ਕਰਨ ਤੋਂ ਬਾਅਦ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸ਼ਾਹਪੁਰਕੰਡੀ ਦਾ ਦੌਰਾ ਕੀਤਾ । ਉਨ੍ਹਾਂ ਨੇ ਇਸ ਦੌਰਾਨ ਪੀਐਪੀਸੀਐਲ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਮਿੱਥੇ ਸਮੇਂ ਵਿੱਚ ਸ਼ਾਹਪੁਰਕੰਡੀ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਹਿਦਾਇਤ ਕੀਤੀ।ਇਸ ਦੇ ਨਾਲ ਹੀ ਬਿਜਲੀ ਮੰਤਰੀ ਨੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਵਿੱਚ ਚੱਲ ਰਹੇ ਕਾਰਜਾਂ ’ਤੇ ਤਸੱਲੀ ਜ਼ਾਹਰ ਕੀਤੀ।