Punjab

ਬੰਬੀਹਾ ਗਰੁੱਪ ਖਿਲਾਫ ਪੁਲਿਸ ਦੀ ਕਾਰਵਾਈ , ਅੰਮ੍ਰਿਤਸਰ ਦੇ ਜਰਨੈਲ ਮਾਮਲੇ ‘ਚ ਸ਼ਾਮਲ ਸ਼ੂਟਰ ਕਾਬੂ

Police action against Bambiha gang: Shooter involved in killing of Amritsar general arrested; Pistol and 7 live cartridges recovered

ਅੰਮ੍ਰਿਤਸਰ : ਬੰਬੀਹਾ ਗੈਂਗ ਦੇ ਸ਼ੂਟਰ ਗੁਰਵੀਰ ਸਿੰਘ ਉਰਫ਼ ਗੁਰੀ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਬੁੱਧਵਾਰ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਬੰਬੀਹਾ ਗੈਂਗ ਦੇ ਸ਼ੂਟਰ ਗੁਰਵੀਰ ਸਿੰਘ ਉਰਫ਼ ਗੁਰੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਜਰਨੈਲ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਨਾਮ ਆਉਂਦਾ ਹੈ। ਹਾਲ ਹੀ ਵਿੱਚ AGTF ਨੇ ਅੰਮ੍ਰਿਤਸਰ ਦੇ ਸਠਿਆਲਾ ਵਿੱਚ ਜਰਨੈਲ ਸਿੰਘ ਦੇ ਕਤਲ ਕੇਸ ਵਿੱਚ 10 ਮੁਲਜ਼ਮਾਂ ਦੀ ਪਛਾਣ ਕੀਤੀ ਸੀ।

ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਟੀਮਾਂ ਵੱਲੋਂ ਉਸ ਕੋਲੋਂ 7 ਜਿੰਦਾ ਕਾਰਤੂਸਾਂ ਸਮੇਤ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ। ਪੰਜਾਬ ਪੁਲਿਸ ਨੇ ਇਹ ਸਫ਼ਲਤਾ ਜਰਨੈਲ ਸਿੰਘ ਦੇ ਕਤਲ ਪਿੱਛੇ ਬੰਬੀਹਾ ਗੈਂਗ ਦੀ ਭੂਮਿਕਾ ਦਾ ਪਤਾ ਲਗਾਉਣ ਅਤੇ ਕਤਲ ‘ਚ ਸ਼ਾਮਲ ਬੰਬੀਹਾ ਗੈਂਗ ਦੇ 10 ਮੈਂਬਰਾਂ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਇੱਕ ਦਿਨ ਬਾਅਦ ਪ੍ਰਾਪਤ ਹੋਈ। ਤੁਹਾਨੂੰ ਦਸ ਦੇਈਏ ਕਿ ਜਰਨੈਲ ਸਿੰਘ ਨੂੰ 24 ਮਈ ਨੂੰ ਚਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਡੀਜੀਪੀ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਗੁਰਵੀਰ ਨੇ ਜਰਨੈਲ ਨੂੰ ਖਤਮ ਕਰਨ ਲਈ ਮਨਪ੍ਰੀਤ ਸਿੰਘ ਉਰਫ਼ ਮੁੰਨ (ਮੌਜੂਦਾ ਪੁਰਤਗਾਲ) ਅਤੇ ਬਲਵਿੰਦਰ ਸਿੰਘ ਉਰਫ਼ ਡੋਨੀ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਗੁਰਵੀਰ ਗੁਰੀ ਨੇ ਕਤਲੇਆਮ ਵਿੱਚ ਸ਼ਾਮਲ ਸ਼ੂਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ। ਮਨਪ੍ਰੀਤ ਮੁੰਨ ਹੋਰ ਕੋਈ ਨਹੀਂ ਸਗੋਂ ਫਰਾਰ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਘਨਸ਼ਾਮਪੁਰੀਆ ਦਾ ਭਰਾ ਹੈ।

ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਗੁਰਵੀਰ ਗੁਰੀ ਨੇ ਜਰਨੈਲ ਸਿੰਘ ਦੇ ਕਤਲ ਵਿੱਚ ਸ਼ਾਮਲ 7 ਗੈਂਗਸਟਰਾਂ ਦੇ ਨਾਂ ਦੱਸੇ ਹਨ। ਜਿਸ ਵਿੱਚ ਗਗਨਦੀਪ ਸਿੰਘ ਉਰਫ ਦੱਦੀ, ਜੋਬਨਜੀਤ ਸਿੰਘ ਉਰਫ ਬਿੱਲਾ, ਜੋਬਨ, ਗੁਰਮੇਜ ਸਿੰਘ, ਮਨਜੀਤ ਮਾਹਲ ਅਤੇ ਦੋ ਅਣਪਛਾਤੇ ਸ਼ਾਮਲ ਹਨ।

ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਗੁਰਵੀਰ ਗੁਰੀ ਪਹਿਲਾਂ ਵੀ ਐਸਏਐਸ ਨਗਰ ਦੇ ਸੋਹਾਣਾ ਥਾਣਾ ਖੇਤਰ ਵਿੱਚ ਨਾਕੇ ਦੌਰਾਨ ਪੁਲੀਸ ’ਤੇ ਗੋਲੀ ਚਲਾ ਕੇ ਭੱਜਣ ਦੇ ਮਾਮਲੇ ਵਿੱਚ ਲੋੜੀਂਦਾ ਸੀ। ਫਿਲਹਾਲ ਗੁਰੀ ਖਿਲਾਫ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਐਸ.ਏ.ਐਸ.ਨਗਰ ਵਿਖੇ ਧਾਰਾ 473, ਆਈ.ਪੀ.ਸੀ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਰਿਕਾਰਡ ਅਨੁਸਾਰ ਗੁਰਵੀਰ ਗੁਰੀ ਇੱਕ ਬਦਨਾਮ ਅਪਰਾਧੀ ਹੈ। ਗੁਰੀ ਖਿਲਾਫ ਕਤਲ, ਸਨੈਚਿੰਗ, ਐਨਡੀਪੀਐਸ ਐਕਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕਈ ਕੇਸ ਦਰਜ ਹਨ। ਉਸ ਖਿਲਾਫ਼ ਅਦਾਲਤ ਵਿੱਚ ਚੱਲ ਰਹੇ ਕਈ ਕੇਸਾਂ ਵਿੱਚ ਉਸ ਨੂੰ ਪੀਓ ਵੀ ਐਲਾਨਿਆ ਜਾ ਚੁੱਕਾ ਹੈ।