India Khaas Lekh Khalas Tv Special Punjab

ਪ੍ਰਧਾਨ ਮੰਤਰੀ ਮੋਦੀ ਨੇ ਖੋਲ੍ਹ ਦਿੱਤੀ ਦਿਲ ਵਾਲੀ ਘੁੰਡੀ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਨੇ ਗਿਣ ਕੇ ਨਰਿੰਦਰ ਮੋਦੀ ਨੂੰ ਆਪਣੇ ਫੈਸਲੇ ਉੱਤੇ ਅਟੱਲ ਰਹਿਣ, ਹਠੀ, ਧੁੰਨ ਦੇ ਪੱਕੇ ਅਤੇ ਨਾ ਲਿਫ਼ਣ ਵਾਲੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵੀ ਨੋਟਬੰਦੀ, ਜੀਐੱਸਟੀ ਅਤੇ ਬਿਜਲੀ ਸੁਧਾਰ ਬਿੱਲ ਜਿਹੇ ਹੋਰ ਅਹਿਮ ਫੈਸਲੇ ਲੈਣ ਵੇਲੇ ਮੁਲਕ ਦੀ ਜਨਤਾ ਨੂੰ ਟਿੱਚ ਕਰਕੇ ਨਹੀਂ ਜਾਣਿਆ। ਜਦੋਂ ਪੰਜਾਬ ਤੋਂ ਕਿਸਾਨ ਅੰਦੋਲਨ ਦੀ ਚਿਣਕ ਧੁਖੀ ਅਤੇ ਇਹ ਦਿੱਲੀ ਦੀਆਂ ਬਰੂਹਾਂ ਉੱਤੇ ਜਾ ਕੇ ਭਾਂਬੜ ਬਣ ਗਿਆ ਤਾਂ ਉਦੋਂ ਵੀ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਪਿੱਛੇ ਹਟਣ ਵਾਲੇ ਨਹੀਂ ਹਨ। ਇਹ ਤਾਂ ਪਹਿਲੀ ਵਾਰ ਭਰਮ ਉਦੋਂ ਟੁੱਟਿਆ ਜਦੋਂ ਏਕੇ ਦੇ ਬਲ ਅੱਗੇ ਝੁਕਦਿਆਂ ਨਰਿੰਦਰ ਮੋਦੀ ਨੇ 19 ਨਵੰਬਰ 2021 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵੇਲੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ।

ਪ੍ਰਧਾਨ ਮੰਤਰੀ 24 ਅਗਸਤ ਨੂੰ ਨਿਊ ਚੰਡੀਗੜ੍ਹ ਵਿੱਚ ਬਣੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਤੋਹਫ਼ਾ ਪੰਜਾਬ ਨੂੰ ਦੇ ਕੇ ਗਏ ਹਨ। ਪੰਜਾਬੀ ਖੁਸ਼ ਹਨ ਕਿ ਭਾਜਪਾ ਨੇ ਪੰਜਾਬ ਨੂੰ ਲਾਇਲਾਜ ਬਿਮਾਰੀ ਦੇ ਇਲਾਜ ਦਾ ਇੱਕ ਨਾਮੀ ਗ੍ਰਾਮੀ ਹਸਪਤਾਲ ਦਿੱਤਾ ਹੈ ਪਰ ਅਸਲ ਸੱਚ ਇਹ ਹੈ ਕਿ ਇਹਦੇ ਵਿੱਚੋਂ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਪੰਜਾਬ ਨੂੰ ਦੇਣ ਨੂੰ ਜਾਣ ਬੁੱਝ ਕੇ ਮਨਫ਼ੀ ਕੀਤਾ ਗਿਆ ਹੈ। ਡਾ.ਮਨਮੋਹਨ ਸਿੰਘ ਨੇ 2013 ਨੂੰ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ।

ਨਰਿੰਦਰ ਮੋਦੀ ਬਹੁਤਿਆਂ ਲਈ ਉਦਘਾਟਨ ਕਰਕੇ ਭੜਕ ਗਏ। ਵਿਰੋਧੀ ਸਿਆਸੀ ਪਾਰਟੀਆਂ ਨੇ ਨਰਿੰਦਰ ਮੋਦੀ ਦੀ ਫੇਰੀ ਬਾਰੇ ਅੰਦਰ ਦੀਆਂ ਕਨਸੋਆਂ ਲੈਣ ਲਈ ਕੰਨ ਖੜੀ ਕਰੀ ਰੱਖੇ ਪਰ ਪੈੜ ਕੱਢਣ ਵਾਲੇ ਪੈੜ ਨੱਪ ਕੇ ਹੀ ਰਹੇ। ‘ਦ ਖ਼ਾਲਸ ਟੀਵੀ ਦੇ ਭਾਜਪਾ ਨਾਲ ਜੁੜੇ ਸੂਤਰ ਦਾਅਵਾ ਕਰਦੇ ਹਨ ਕਿ ਉਹ ਸਮਾਗਮ ਤੋਂ ਤੁਰੰਤ ਬਾਅਦ ਸਟੇਜ ਦੇ ਪਿੱਛੇ ਬਣੇ ਗ੍ਰੀਨ ਐਨਕਲੇਵ ਵਿੱਚ ਜਾ ਬੈਠੇ, ਜਿੱਥੇ ਉਨ੍ਹਾਂ ਨੇ ਪੰਜਾਬ ਭਾਜਪਾ ਦੇ 19 ਆਗੂਆਂ ਨਾਲ ਗੁਪਤ ਮੀਟਿੰਗ ਕੀਤੀ। ਮੁਲਾਕਾਤ ਵਿੱਚ ਸ਼ਾਮਿਲ ਆਗੂਆਂ ਦੀ ਚੋਣ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪਹਿਲਾਂ ਹੀ ਭੇਜ ਦਿੱਤੀ ਗਈ ਸੀ। ਉਨ੍ਹਾਂ ਨੇ 35 ਮਿੰਟ ਦੇ ਕਰੀਬ ਆਗੂਆਂ ਨਾਲ ਬਿਤਾਏ। ਆਪਣੇ ਸੁਭਾਅ ਦੇ ਉਲਟ ਉਨ੍ਹਾਂ ਨੇ ਭਾਜਪਾ ਦੇ ਆਗੂਆਂ ਨੂੰ ਕੁਰਸੀਆਂ ਨੇੜੇ ਖਿਸਕਾਉਣ ਲਈ ਕਿਹਾ। ਪੰਜਾਬ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਆਗੂ ਗੁਰਮੀਤ ਸਿੰਘ ਸੋਢੀ ਨੇ ਪ੍ਰਧਾਨ ਮੰਤਰੀ ਨੂੰ ਦੁਬਾਰਾ ਫਿਰੋਜ਼ਪੁਰ ਆਉਣ ਦਾ ਨਿਓਂਦਾ ਦਿੱਤਾ ਤਾਂ ਉਨ੍ਹਾਂ ਨੇ ਕਿਹਾ ਕਿ ਹੁਸੈਨੀਵਾਲਾ ਦੀ ਫੇਰੀ ਬਾਕੀ ਹੈ। ਨਾਲ ਹੀ ਇਹ ਵੀ ਕਹਿ ਗਏ, ‘ਪੰਜਾਬ ਨੂੰ ਜੋ ਕੁਝ ਮੇਰੀ ਦੇਣ ਦੀ ਤਮੰਨਾ ਹੈ, ਉਹ ਐਲਾਨ ਫਿਰੋਜ਼ਪੁਰ ਦੀ ਸਟੇਜ ਤੋਂ ਹੀ ਕਰਾਂਗਾ।’ ਮੋਦੀ 24 ਅਗਸਤ ਦੀ ਰੈਲੀ ਵਿੱਚ ਇਕੱਠ ਨੂੰ ਦੇਖ ਕੇ ਅੰਦਰੋਂ ਬਾਗੋ ਬਾਗ ਦਿਸ ਰਹੇ ਸਨ।

ਫਿਰ ਪ੍ਰਧਾਨ ਮੰਤਰੀ ਨੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਸ਼੍ਰੀਨਿਵਾਸਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਪੰਜਾਬੀ ਪ੍ਰਾਹੁਣਚਾਰੀ ਲਈ ਮਸ਼ਹੂਰ ਨੇ। ਇਹ ਪਰਾਂਠੇ ਉੱਤੇ ਮੱਖਣ ਰੱਖ ਕੇ ਖਵਾਉਂਦੇ ਹਨ। ਜਦੋਂ ਮੈਂ ਪੰਜਾਬ ਭਾਜਪਾ ਦਾ ਇੰਚਾਰਜ ਸੀ ਤਾਂ ਮੱਖਣ ਨਾਲ ਖਾਧੇ ਪਰੌਂਠਿਆਂ ਕਰਕੇ ਮੇਰੀ ਗੋਗੜ ਨਿਕਲ ਆਈ ਸੀ।’ ਫਿਰ ਉਹ ਇੱਕ ਹੋਰ ਸੀਪ ਲਾ ਗਏ, ‘ਪੰਜਾਬੀਆਂ ਦਾ ਦਿਲ ਵੱਡਾ ਹੈ। ਇਹ ਨਾਰਾਜ਼ ਹੋਣ ਲੱਗੇ ਦੇਰ ਨਹੀਂ ਲਾਉਂਦੇ ਤੇ ਮੰਨ ਵੀ ਜਲਦੀ ਜਾਂਦੇ ਹਨ।’ ਵਿੱਚੋਂ ਕਿਸੇ ਨੇ ਚੋਣ ਸੌਗਾਤਾਂ ਬਾਰੇ ਗੱਲ ਤੋਰੀ ਤਾਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਦੀ ਉਨ੍ਹਾਂ ਉੱਤੇ ਵੋਟਰਾਂ ਨੂੰ ਰਿਓੜੀਆਂ ਵੰਡਣ ਲਈ ਦਬਾਅ ਪਾਉਂਦੀ ਹੈ ਪਰ ਉਹ ਮੰਨੇ ਨਹੀਂ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਰਾਜਾਂ ਕੋਲ ਏਨੇ ਵਿੱਤੀ ਸਾਧਨ ਨਹੀਂ ਹਨ। ਨਾਲੇ ਸੌਗਾਤਾਂ ਵੰਡਣ ਦੀ ਕੋਈ ਸੀਮਾ ਨਹੀਂ ਹੁੰਦੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਕੌਮ ਬਾਲ ਦਿਵਸ ਵਜੋਂ ਮਨਾਉਣ ਦੀ ਗੱਲ ਉਨ੍ਹਾਂ ਨੇ ਆਪ ਤੋਰੀ। ਨਾਲ ਹੀ ਕਿਹਾ ਕਿ ਮੁਲਕ ਦੇ ਵੱਡੀ ਗਿਣਤੀ ਲੋਕਾਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਗਿਆਨ ਨਹੀਂ ਸੀ ਪਰ ਹੁਣ ਉਨ੍ਹਾਂ ਦੀ ਕੁਰਬਾਨੀ ਬਾਰੇ ਪਤਾ ਲੱਗਣ ਲੱਗਾ ਹੈ।

ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜਿੰਨਾ ਚਿਰ ਪੰਜਾਬ ਦੇ ਭਾਜਪਾਈ ਲੀਡਰਾਂ ਨਾਲ ਗੱਲ ਕਰਦੇ ਰਹੇ, ਓਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਉੱਚ ਅਫ਼ਸਰਾਂ ਨਾਲ ਦੋ ਪੈਰਾਂ ਪਰਨੇ ਧੁੱਪ ਵਿੱਚ ਅਲਵਿਦਾ ਕਹਿਣ ਲਈ ਖੜੇ ਰਹੇ। ਪ੍ਰਧਾਨ ਮੰਤਰੀ ਦੇ ਸੁਰੱਖਿਆ ਬਲਾਂ ਨੇ ਗ੍ਰੀਨ ਇਨਕਲੇਵ ਦੇ ਲਾਗੇ ਚਿੜੀ ਤੱਕ ਨਾ ਫੜਕਣ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇਤਾਵਾਂ ਨਾਲ ਮੀਟਿੰਗ ਕੀਤੀ, ਉਨ੍ਹਾਂ ਵਿੱਚ ਸ੍ਰੀਵਿਨਾਸਨ, ਸੁਨੀਲ ਜਾਖੜ, ਤਰੁਣ ਚੁੱਘ, ਅਸ਼ਵਨੀ ਸ਼ਰਮਾ, ਅਵਿਨਾਸ਼ ਰਾਏ ਖੰਨਾ, ਕੇਵਲ ਸਿੰਘ ਢਿੱਲੋਂ, ਫਤਿਹਜੰਗ ਬਾਜਵਾ, ਅਰਵਿੰਦ ਖੰਨਾ, ਦਇਆ ਸਿੰਘ ਸੋਢੀ, ਰਾਜ ਕੁਮਾਰ ਵੇਰਕਾ, ਬਲਵੀਰ ਸਿੰਘ ਸਿੱਧੂ ਅਤੇ ਰਾਜੇਸ਼ ਬੱਗਾ ਸਮੇਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮੌਜੂਦ ਸਨ।