India Punjab

ਪੰਜਾਬ ਆ ਰਹੇ ਪੀਐੱਮ ਮੋਦੀ, ਪੰਜਾਬੀਆਂ ਨੂੰ ਦੇਣਗੇ ਇਹ ‘ਸੌਗਾਤ’

PM Narendra modi

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਹਨ। ਮੋਦੀ ਦੀ ਪੰਜਾਬ ਫੇਰੀ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਮੋਦੀ ਅੱਜ ਦੁਪਹਿਰ 2.15 ਵਜੇ ਮੁੱਲਾਂਪੁਰ ਵਿਖੇ ਵਿਸ਼ਵ ਪੱਧਰੀ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਉਦਘਾਟਨ ਕਰਨਗੇ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਰਹਿਣਗੇ।

ਹਸਪਤਾਲ ਦੀਆਂ ਵਿਸ਼ੇਸ਼ਤਾਵਾਂ

• ਹਸਪਤਾਲ ਉੱਤੇ 615 ਕਰੋੜ ਰੁਪਏ ਦੀ ਲਾਗਤ ਲੱਗੀ ਹੈ।

• 9 ਸਾਲਾਂ ਵਿਚ ਹਸਪਤਾਲ ਨੂੰ ਤਿਆਰ ਕੀਤਾ ਗਿਆ ਹੈ।

• ਸਾਲ 2013 ਵਿਚ 30 ਦਸੰਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ।

• 51 ਏਕੜ ਵਿਚ ਬਣੇ ਇਸ ਹਸਪਤਾਲ ਨੂੰ ਚਾਰ ਸਾਲਾਂ ਵਿਚ 450 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਨ ਦਾ ਟੀਚਾ ਸੀ ਪਰ ਇਸਨੂੰ ਪੂਰਾ ਕਰਨ ਵਿਚ 9 ਸਾਲ ਲੱਗ ਗਏ ਅਤੇ ਲਾਗਤ ਵੀ 100 ਕਰੋੜ ਰੁਪਏ ਤੋਂ ਜ਼ਿਆਦਾ ਵੱਧ ਗਈ।ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਆਲੇ ਦੁਆਲੇ ਦੇ ਖੇਤਰਾਂ ਨੁੰ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ।

ਉੱਧਰ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਟਵਿੱਟਰ ਅਕਾਊਂਟ ਉੱਤੇ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਕਿਹਾ ਹੈ ਕਿ ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਹੀਂ ਕਰੇਗਾ ਕਿਉਂਕਿ 700 ਕਿਸਾਨਾਂ ਦੇ ਦੋਸ਼ੀ ਮੋਦੀ ਨੇ ਹਾਲੇ ਤੱਕ ਦੇਸ਼ ਤੋਂ ਮੁਆਫੀ ਨਹੀਂ ਮੰਗੀ ਹੈ। ਕਿਸਾਨਾਂ ਨੇ ਕਿਹਾ ਕਿ ਜੇ ਦੇਸ਼ ਨੂੰ ਅੰਨ ਦੇਣ ਵਾਲੇ ਕਿਸਾਨ ਦਾ ਦਿੱਲੀ ਵਿੱਚ ਸਵਾਗਤ ਨਹੀਂ ਹੋਇਆ ਤਾਂ ਪੰਜਾਬ ਵਿੱਚ ਮੋਦੀ ਦਾ ਸਵਾਗਤ ਨਹੀਂ ਹੋਵੇਗਾ। ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਵਾਅਦਾ ਖਿਲਾਫ਼ੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਦੋ ਵਾਰ ਚੋਣਾਂ ਤੋਂ ਪਹਿਲਾਂ ਅਤੇ ਹੁਣ ਕਿਸਾਨੀ ਸੰਘਰਸ਼ ਵੇਲੇ ਸਵਾਮੀਨਾਥਨ ਵਾਲੀ ਐੱਮਐੱਸੀ ਦਾ ਵਾਅਦਾ ਕਰਕੇ ਮੁੱਕਰ ਗਏ ਹਨ। ਕਿਸਾਨਾਂ ਨੇ ਨਾਲ ਹੀ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਬਰਖਾਸਤਗੀ ਦੀ ਮੰਗ ਵੀ ਦੁਹਰਾਈ।