India Khaas Lekh

971 ਕਰੋੜ ਦੇ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਣ ਉਪਰੰਤ ਪੀਐਮ ਮੋਦੀ ਨੇ ਕੀ ਕਿਹਾ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਮੌਜੂਦਾ ਸੰਸਦ ਭਵਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਸਾਡੇ ਦੇਸ਼ ਅਤੇ ਸੰਵਿਧਾਨ ਦਾ ਨਿਰਮਾਣ ਇਸ ਸੰਸਦ ਭਵਨ ਵਿੱਚ ਕੀਤਾ ਗਿਆ ਹੈ। ਇਹ ਸੰਸਦ ਭਵਨ ਦੇਸ਼ ਦੇ ਉਤਰਾਅ ਚੜਾਅ, ਉਮੀਦਾਂ, ਆਸ਼ਾਵਾਂ ਅਤੇ ਯਾਤਰਾ ਦਾ ਪ੍ਰਤੀਕ ਰਿਹਾ ਹੈ। ਇਹ ਸਭ ਸਾਡੀ ਵਿਰਾਸਤ ਹੈ, ਪਰ ਸੰਸਦ ਦੇ ਸ਼ਕਤੀਸ਼ਾਲੀ ਇਤਿਹਾਸ ਦੇ ਨਾਲ, ਹਕੀਕਤ ਨੂੰ ਵੀ ਸਵੀਕਾਰਨ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ’ਤੇ ਜ਼ਰੂਰਤ ਦੇ ਹਿਸਾਬ ਨਾਲ, ਪੁਰਾਣੀ ਇਮਾਰਤ ਨੂੰ ਅਪਗ੍ਰੇਡ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਗਏ। ਸਾਊਂਡ, ਆਈਟੀ, ਸੁਰੱਖਿਆ ਸਿਸਟਮ ਨੂੰ ਅਪਗ੍ਰੇਡ ਕੀਤਾ ਗਿਆ ਹੈ, ਕਈ ਵਾਰ ਕੰਧਾਂ ਵੀ ਤੋੜੀਆਂ ਗਈਆਂ ਹਨ, ਪਰ ਹੁਣ ਇਹ ਇਮਾਰਤ ਆਰਾਮ ਮੰਗ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਆਤਮ-ਨਿਰਭਰ ਭਾਰਤ ਦੀ ਗਵਾਹ ਬਣੇਗੀ। ਪੁਰਾਣੀ ਇਮਾਰਤ ਨੇ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ, ਪਰ ਨਵੀਂ ਸੰਸਦ ਦੀ ਇਮਾਰਤ 21ਵੀਂ ਸਦੀ ਦੀਆਂ ਇੱਛਾਵਾਂ ਪੂਰੀਆਂ ਕਰੇਗੀ। ਅਸੀਂ, ਭਾਰਤ ਦੇ ਲੋਕ ਮਿਲ ਕੇ ਆਪਣੀ ਸੰਸਦ ਦੀ ਇਸ ਨਵੇਂ ਭਵਨ ਦਾ ਨਿਰਮਾਣ ਕਰਾਂਗੇ ਅਤੇ ਇਸ ਤੋਂ ਕੀ ਸੁੰਦਰ ਹੋਵੇਗਾ, ਇਸ ਤੋਂ ਪਵਿੱਤਰ ਕੀ ਹੋਵੇਗਾ ਕਿ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਮਨਾਏਗਾ, ਤਦ ਇਹ ਸਾਡੀ ਸੰਸਦ ਦੀ ਨਵੀਂ ਇਮਾਰਤ, ਉਸ ਤਿਉਹਾਰ ਦੀ ਪ੍ਰੇਰਣਾ ਬਣੇ।

ਯਾਦ ਰਹੇ ਫਿਲਹਾਲ ਨਵੇਂ ਸੰਸਦ ਭਵਨ ਦੇ ਨਿਰਮਾਣ ‘ਤੇ ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਹੈ। ਇਸ ਪ੍ਰੋਜੈਕਟ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਸੁਪਰੀਮ ਕੋਰਟ ਵਿੱਚ ਪਾਈਆਂ ਗਈਆਂ ਹਨ ਜਿਨ੍ਹਾਂ ‘ਤੇ ਸੁਣਵਾਈ ਚੱਲ ਰਹੀ ਹੈ, ਮਾਮਲਾ ਪੈਂਡਿੰਗ ਹੈ। ਇਨ੍ਹਾਂ ਪਟੀਸ਼ਨਾਂ ਉੱਤੇ ਅਦਾਲਤ ਨੇ 5 ਨਵੰਬਰ ਨੂੰ ਫ਼ੈਸਲਾ ਰਾਖਵਾਂ ਰੱਖਿਆ ਸੀ। ਤਦ ਅਦਾਲਤ ਨੇ ਕਿਹਾ ਸੀ ਕਿ ਉਹ ਇਸ ਪੱਖ ਉੱਤੇ ਵਿਚਾਰ ਕਰੇਗਾ ਕਿ ਕੀ ਪ੍ਰੋਜੈਕਟ ਲਈ ਸਾਰੀਆਂ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਕੀਤੀ ਗਈ ਹੈ। ਅਦਾਲਤੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਸ ਨਵੇਂ ਭਵਨ ਦੀ ਉਸਾਰੀ ਸ਼ੁਰੂ ਹੋ ਸਕੇਗੀ।

ਇਸ ਤੋਂ ਪਹਿਲਾਂ ਜਦੋਂ ਨੀਂਹ ਪੱਥਰ ਰੱਖਣ ਦੀ ਖ਼ਬਰ ਆਈ ਸੀ ਤਾਂ ਸਿਰਫ਼ ਹਿੰਦੂ ਧਰਮ ਦੇ ਪੰਡਤਾਂ ਨੂੰ ਹੀ ਨੀਂਹ ਪੱਥਰ ਵਿੱਚ ਸੱਦਾ ਭੇਜਣ ‘ਤੇ ਵੀ ਵਿਵਾਦ ਖੜਾ ਹੋਇਆ ਸੀ। ਬਾਕੀ ਧਰਮਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਉਣ ਦੀ ਗੱਲ ਕਹੀ ਗਈ ਸੀ।

ਇਸ ਤੋਂ ਇਲਾਵਾ ਨਵੇਂ ਸੰਸਦ ਭਵਨ ਦਾ ਨਾਂ ਡਾ. ਅੰਬੇਦਕਰ  ਦੇ ਨਾਂ ‘ਤੇ ਰੱਖਣ ਦੀ ਵੀ ਮੰਗ ਉੱਠ ਰਹੀ ਹੈ। ਇਸ ਸਬੰਧੀ ਅੱਜ ਟਵਿੱਟਰ ‘ਤੇ ਹੈਸ਼ ਟੈਗ ਵੀ ਟਰੈਂਡ ਕਰ ਰਹੇ ਹਨ।

ਨਵੇਂ ਸੰਸਦ ਭਵਨ ਬਾਰੇ ਕੁਝ ਅਹਿਮ ਜਾਣਕਾਰੀ

ਨਵੀਂ ਸੰਸਦ ਪੁਰਾਣੀ ਤੋਂ ਵੱਡੀ ਹੋਵੇਗੀ ਤੇ ਇਸ ਦਾ ਡਿਜ਼ਾਈਨ ਵੀ ਕਾਫ਼ੀ ਵੱਖਰੀ ਕਿਸਮ ਦਾ ਹੋਵੇਗਾ। ਇਸ ਦਾ ਆਕਾਰ ਤ੍ਰਿਭੁਜ ਵਰਗਾ ਹੋਵੇਗਾ। ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਭਾਵ ਸੰਸਦ ਨੂੰ ਅੱਜ ਤੱਕ ਅਸੀਂ ਬਾਹਰੋਂ ਇੱਕ ਗੋਲਾਕਾਰ ਇਮਾਰਤ ਤੇ ਉਸ ਦੇ ਖੰਭਿਆਂ ਤੋਂ ਪਛਾਣਦੇ ਆਏ ਹਾਂ। ਲਗਪਗ 100 ਸਾਲ ਪੁਰਾਣੇ ਇਸ ਭਵਨ ਨੂੰ ਹੁਣ ਇੱਕ ਨਵਾਂ ਰੰਗ-ਰੂਪ ਮਿਲਣ ਜਾ ਰਿਹਾ ਹੈ।

ਦੋ ਅਕਤੂਬਰ, 2022 ਤੱਕ ਨਵੇਂ ਭਵਨ ਦੀ ਉਸਾਰੀ ਮੁਕੰਮਲ ਕਰਨ ਦੀ ਤਿਆਰੀ ਹੈ, ਤਾਂ ਜੋ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਵਾਲਾ ਸੈਸ਼ਨ ਇਸੇ ਨਵੇਂ ਭਵਨ ਵਿੱਚ ਹੋਵੇ। ਇਹ ਅਗਲੇ 100 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਬਣਾਇਆ ਜਾਵੇਗਾ, ਤਾਂ ਜੋ ਭਵਿੱਖ ’ਚ ਸੰਸਦ ਮੈਂਬਰਾਂ ਦੀ ਗਿਣਤੀ ਵਧਣ ਨਾਲ ਕੋਈ ਸਮੱਸਿਆ ਨਾ ਆਵੇ।

ਨਵੇਂ ਸੰਸਦ ਭਵਨ ਨੂੰ ਸ਼ਾਸਤਰੀ ਭਵਨ ਲਾਗਲੀ ਖ਼ਾਲੀ ਜ਼ਮੀਨ ਉੱਤੇ ਬਣਾਇਆ ਜਾਵੇਗਾ। ਨਵੇਂ ਸੰਸਦ ਭਵਨ ਦਾ ਨਿਰਮਾਣ ਲਗਭਗ 64,500 ਵਰਗਮੀਟਰ ਜ਼ਮੀਨ ਉੱਤੇ ਹੋਵੇਗਾ। ਨਵੀਂ ਸੰਸਦ ਪੁਰਾਣੀ ਸੰਸਦ ਤੋਂ 17 ਹਜ਼ਾਰ ਵਰਗਮੀਟਰ ਵੱਡੀ ਹੈ। ਇਸ ਨੂੰ ਬਣਾਉਣ ਉੱਤੇ ਲਗਪਗ 971 ਕਰੋੜ ਰੁਪਏ ਦੀ ਲਾਗਤ ਆਵੇਗੀ। ਪਹਿਲਾਂ ਇਸ ਪ੍ਰੋਜੈਕਟ ‘ਤੇ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਉਣ ਦੀ ਗੱਲ ਕਹੀ ਗਈ ਸੀ। 

ਨਵਾਂ ਸੰਸਦ ਭਵਨ ਹਰ ਤਰ੍ਹਾਂ ਦੀਆਂ ਅਤਿ–ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇੱਥੇ ਭਾਰਤੀ ਸਭਿਆਚਾਰ ਤੇ ਸ਼ਿਲਪਕਾਰਾਂ ਦੀਆਂ ਕਲਾ ਕ੍ਰਿਤੀਆਂ ਦੀ ਝਲਕ ਵੀ ਦਿਸੇਗੀ। ਨਵਾਂ ਸੰਸਦ ਭਵਨ ਭੂਚਾਲ ਦੇ ਝਟਕੇ ਝੱਲਣ ਦੇ ਪੂਰੀ ਤਰ੍ਹਾਂ ਸਮਰੱਥ ਹੋਵੇਗਾ। ਇਸ ਦੇ ਨਿਰਮਾਣ ਦਾ ਕੰਟਰੈਕਟ ‘ਟਾਟਾ ਪ੍ਰੋਜੈਕਟਸ ਲਿਮਿਟੇਡ’ ਨੂੰ ਦਿੱਤਾ ਗਿਆ ਹੈ। ਇਸ ਦਾ ਡਿਜ਼ਾਇਨ ਐਚਸੀਪੀ ਡਿਜ਼ਾਇਨ ਤੇ ਪਲਾਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਿਟੇਡ ਨੇ ਬਣਾਇਆ ਹੈ।

ਉਂਝ ਸਰਕਾਰ ਦੀ ਯੋਜਨਾ ਤਾਂ ਸੰਸਦ ਤੋਂ ਇਲਾਵਾ ਇਸ ਦੇ ਲਾਗਲੀਆਂ ਸਰਕਾਰੀ ਇਮਾਰਤਾਂ ਨੂੰ ਵੀ ਨਵੇਂ ਸਿਰੇ ਤੋਂ ਬਣਾਉਣ ਦੀ ਸੀ। ਇਨ੍ਹਾਂ ਸਾਰੀਆਂ ਇਮਾਰਤਾਂ ਨੂੰ ਦਿੱਲੀ ਦਾ ‘ਸੈਂਟਰਲ ਵਿਸਟਾ’ ਕਿਹਾ ਜਾਂਦਾ ਹੈ। ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਵੱਲ ਲਗਪਗ 3 ਕਿਲੋਮੀਟਰ ਦਾ ਇਹ ਸਿੱਧਾ ਰਸਤਾ ਅਤੇ ਇਸ ਦੇ ਘੇਰੇ ਵਿੱਚ ਆਉਣ ਵਾਲੀਆਂ ਇਮਾਰਤਾਂ ਜਿਵੇਂ ਖੇਤੀ ਭਵਨ, ਨਿਰਮਾਣ ਭਵਨ ਤੋਂ ਲੈ ਕੇ ਸੰਸਦ ਭਵਨ, ਨੌਰਥ ਬਲਾੱਕ, ਸਾਊਥ ਬਲਾਕ, ਰਾਏਸੀਨਾ ਹਿਲਜ਼ ਉੱਤੇ ਮੌਜੂਦ ਰਾਸ਼ਟਰਪਤੀ ਭਵਨ ਤੱਕ ਦਾ ਸਾਰਾ ਇਲਾਕਾ ‘ਸੈਂਟਰਲ ਵਿਸਟਾ’ ਅਖਵਾਉਂਦਾ ਹੈ।