Punjab

ਨੰਨ੍ਹੀ ਪਰੀ ਨੇ ਚਾਰ ਨੂੰ ਦਿੱਤੀ ਨਵੀਂ ਜ਼ਿੰਦਗੀ

‘ਦ ਖ਼ਾਲਸ ਬਿਊਰੋ :- ਪੀਜੀਆਈ ਵਿੱਚ 13 ਸਾਲ ਦੀ ਬੱਚੀ ਆਪ ਭਾਵੇਂ ਮੌਤ ਤੋਂ ਹਾਰ ਗਈ ਪਰ ਉਸਨੇ ਚਾਰ ਹੋਰਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਬੱਚੀ ਨੇ ਚਾਰ ਹੋਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਨੂੰ ਗੁਰਦਾ, ਦਿਲ, ਜਿਗਰ ਅਤੇ ਅੱਖਾਂ ਦਾਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਚਾ ਦਿੱਤੀ ਹੈ। ਬੱਚੀ ਨੂੰ ਅੱਠ ਜੁਲਾਈ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ 16 ਜੁਲਾਈ ਨੂੰ ਉਹ ਦਮ ਤੋੜ ਗਈ, ਜਿਸ ਤੋਂ ਬਾਅਦ ਪੀਜੀਆਈ ਪ੍ਰਸ਼ਾਸਨ ਨੇ ਉਸਦੇ ਮਾਪਿਆਂ ਨੂੰ ਜੀਵਨ ਦਾਨ ਕਰਨ ਲਈ ਪ੍ਰੇਰਿਆ। ਪਰਿਵਾਰ ਆਪਣੇ ਜਿਗਰ ਦੇ ਟੁਕੜੇ ਦੇ ਅੰਗ ਦਾਨ ਕਰਨ ਲਈ ਮੰਨ ਗਿਆ।

ਬੱਚੀ ਦੇ ਦਾਨ ਕੀਤੇ ਅੰਗ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚਾਏ ਗਏ, ਜਿੱਥੇ ਇੱਕ ਮਰੀਜ਼ ਦਾ ਦਿਲ ਅਤੇ ਦੂਜੇ ਦਾ ਜਿਗਰ ਟ੍ਰਾਂਸਪਲਾਂਟ ਕਰ ਦਿੱਤਾ ਗਿਆ। ਇਹ ਪਹਿਲੀ ਵਾਰ ਨਹੀਂ ਜਦੋਂ ਪੀਜੀਆਈ ਵਿੱਚ ਦਾਨ ਕੀਤੇ ਅੰਗਾਂ ਦੇ ਨਾਲ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਨਵੀਂ ਜ਼ਿੰਦਗੀ ਦਿੱਤੀ ਗਈ ਹੋਵੇ। ਪੀਜੀਆਈ ਅੰਗ ਦਾਨ ਕਰਨ ਵਿੱਚ ਦੇਸ਼ ਦਾ ਮੋਹਰੀ ਹਸਪਤਾਲ ਹੈ। ਅੱਖਾਂ ਅਤੇ ਗੁਰਦਾ ਪੀਜੀਆਈ ਵਿੱਚ ਦਾਖਲ ਮਰੀਜ਼ਾਂ ਲਈ ਵਰਦਾਨ ਬਣਿਆ। ਬੱਚੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਚਾਹੇ ਫੈਸਲਾ ਲੈਣਾ ਆਸਾਨ ਨਹੀਂ ਸੀ ਪਰ ਉਹ ਹੁਣ ਦੂਜਿਆਂ ਵਿੱਚੋਂ ਆਪਣੀ ਬੱਚੀ ਵੇਖ ਸਕਣਗੇ। ਉਨ੍ਹਾਂ ਨੂੰ ਇੰਝ ਲੱਗਦਾ ਕਿ ਬੱਚੀ ਸਦਾ ਲਈ ਜਿਊਂਦੀ ਹੈ।