Punjab

ਗੈਂਗਸਟਰਾਂ ਦੀਆਂ ਧਮਕੀਆਂ ਤੇ ਰੰਗਦਾਰੀ ਦੀ ਮੰਗ ਤੋਂ ਬਾਅਦ ਤਲਵੰਡੀ ਸਾਬੋ ਵਿੱਚ ਮਾਹੌਲ ਹੋਇਆ ਗਰਮ,ਆਮ ਲੋਕ ਸੜ੍ਹਕਾਂ ‘ਤੇ

 ਬਠਿੰਡਾ :  ਗੈਂਗਸਟਰਾਂ ਦੀਆਂ ਧਮਕੀਆਂ ਤੇ ਰੰਗਦਾਰੀ ਦੀ ਮੰਗ ਤੋਂ ਬਾਅਦ ਤਲਵੰਡੀ ਸਾਬੋ ਵਿੱਚ ਮਾਹੌਲ ਗਰਮ ਹੋ ਗਿਆ ਹੈ ਤੇ ਅੱਜ ਸ਼ਹਿਰ ਨੂੰ ਮੁਕੰਮਲ ਤੌਰ ‘ਤੇ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਦੇ ਨਾਮ ‘ਤੇ ਰੰਗਦਾਰੀ ਮੰਗੀ ਜਾ ਰਹੀ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਥੇ ਇਹ ਵੀ ਗੱਲ ਦੇਖਣ ਯੋਗ ਹੈ ਕਿ ਇਹ ਸੱਦਾ ਕਿਸੇ ਵੀ ਸੰਗਠਨ ਜਾਂ ਸੰਸਥਾਂ ਨੇ ਨਹੀਂ,ਸਗੋਂ ਆਮ ਲੋਕਾਂ ਨੇ ਦਿੱਤਾ ਹੈ। ਝੀਲਾਂ ਦੇ ਸ਼ਹਿਰ ਬਠਿੰਡਾ ਵਿੱਚ ਹੁਣ ਕਿਸੇ ਨੂੰ ਧਮਕੀ ਦੇਣਾ ਤੇ ਰੰਗਦਾਰੀ ਮੰਗਣਾ ਆਮ ਹੋ ਗਿਆ ਹੈ।

ਤਾਜ਼ਾ ਘਟਨਾ ਵਿੱਚ ਇੱਕ ਵਪਾਰੀ ਨੂੰ ਫੋਨ ਕਰਕੇ ਉਸ ਤੋਂ 10 ਲੱਖ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਲੋਕ ਭੜਕ ਉਠੇ ਹਨ ਕਿਉਂਕਿ ਹਰ ਚੌਥੇ ਦਿਨ ਇਥੇ ਇਹ ਧਮਕੀਆਂ ਦਿੱਤੀਆਂ ਜਾਣ ਲਗੀਆਂ ਹਨ। ਜਿਸ ਤੋਂ ਤੰਗ ਆ ਕੇ ਆਖਰਕਾਰ ਆਮ ਲੋਕਾਂ ਨੂੰ ਹੀ ਰੋਸ ਵਜੋਂ ਸੜ੍ਹਕਾਂ ‘ਤੇ ਉਤਰਨਾ ਪਿਆ ਹੈ ਤੇ ਅੱਜ ਸਾਰਾ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਪਿਛਲੀ ਸ਼ਾਮ ਵੀ ਕੁੱਝ ਦੁਕਾਨਾਂ ਤੇ ਬਾਜ਼ਾਰ ਬੰਦ ਰਖੇ ਗਏ ਸਨ। ਸਰਕਾਰ ਤੇ ਪ੍ਰਸ਼ਾਸਨ ਨੂੰ ਲੋਕ ਸਵਾਲ ਕਰ ਰਹੇ ਹਨ ਕਿ ਆਖਰਕਾਰ ਇਹ ਸਭ ਕਦੋਂ ਤੱਕ ਚਲੇਗਾ ?

ਸੜ੍ਹਕਾਂ ‘ਤੇ ਉਤਰੇ ਇਹ ਆਮ ਲੋਕ ਸਰਕਾਰ ਤੇ ਪ੍ਰਸ਼ਾਸਨ ‘ਤੇ ਸਵਾਲ ਤਾਂ ਉਠਾ ਰਹੇ ਹਨ ਪਰ ਕੁੱਝ ਨਿੱਜੀ ਚੈਨਲਾਂ ‘ਤੇ ਚੱਲ ਰਹੀ ਇੱਕ ਖ਼ਬਰ ਇਹਨਾਂ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਨੂੰ ਪੁਖਤਾ ਕਰਦੀ ਹੋਈ ਨਜ਼ਰ ਆ ਰਹੀ ਹੈ। ਖ਼ਬਰ ਇਹ ਹੈ ਕਿ ਹਾਲ ਵਿੱਚ ਹੀ ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਤੋਂ 2 ਮੋਬਾਇਲ ਫੋਨ ਬਰਾਮਦ ਹੋਏ ਹਨ।

ਇਸ ਸਮੇਂ ਇਹ ਗੈਂਗਸਟਰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਹੈ। ਮੰਨਾ ਤੋਂ ਮਿਲੇ 2 ਮੋਬਾਇਲਾਂ ਸਣੇ ਜੇਲ੍ਹ ‘ਚ ਬੰਦ ਕਈ ਹਵਾਲਾਤੀਆਂ ਤੋਂ ਕੁਲ 13 ਮੋਬਾਇਲ ਫੋਨ ਬਰਾਮਦ ਹੋਏ ਹਨ । ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਹਵਾਲਾਤੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ ਵੀ ਦਿੱਤੀ ਹੈ। ਇਸ ਮਾਮਲੇ ਵਿੱਚ ਗੈਂਗਸਟਰ ਮਨਪ੍ਰੀਤ ਮੰਨਾ ਸਣੇ ਹੋਰ ਕਈ ਹਵਾਲਾਤੀਆਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਖ਼ਬਰ ਕਈ ਨਿਜ਼ੀ ਚੈਨਲਾਂ ‘ਤੇ ਚੱਲ ਰਹੀ ਹੈ ਕਿ ਹੁਣ ਪਾਕਿਸਤਾਨੀ ਕੈਦੀਆਂ ਕੋਲ ਵੀ ਮੋਬਾਈਲ ਪਹੁੰਚ ਚੁੱਕੇ ਹਨ । ਕੇਂਦਰੀ ਏਜੰਸੀਆਂ ਦੀ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ । ਇਹ ਵੀ ਖ਼ਬਰ ਆ ਰਹੀ ਹੈ ਕਿ ਇਹਨਾਂ ਫੋਨਾਂ ਦੇ ਸਹਾਰੇ ਇਹ ਕੈਦੀ ਲਗਾਤਾਰ ਸਰਹੱਦ ਪਾਰ ਸੰਪਰਕ ‘ਚ ਹਨ। ਇਥੇ ਹੀ ਬੱਸ ਨਹੀਂ,ਸਗੋਂ ਇਹਨਾਂ ਕੈਦੀਆਂ ਤੇ ਗੈਂਗਸਟਰਾਂ ਨੂੰ ਇੱਕ ਹੀ ਬੈਰਕ ਵਿੱਚ ਬੰਦ ਕੀਤਾ ਗਿਆ ਹੈ ।