ਪਟਿਆਲਾ : ਰਾਜਿੰਦਰਾ ਹਸਪਤਾਲ(Rajindra Hospital) ਵਿੱਚ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇਗੀ ਕਿ ਵਿਦੇਸ਼ਾਂ ਤੋਂ ਵੀ ਲੋਕ ਇਲਾਜ਼ ਕਰਵਾਉਣ ਆਉਣਗੇ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ (Chetan Singh Jauramajra) ਕੀਤਾ। ਉਨ੍ਹਾਂ ਨੇ 7ਵੇਂ ਕੌਮੀ ਅੱਖ ਦਾਨ ਪੰਦਰਵਾੜੇ ਮੌਕੇ ਸਰਕਾਰੀ ਡੈਂਟਲ ਕਾਲਜ ਦੇ ਆਡੀਟੋਰੀਅਮ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਏ ਪ੍ਰੋਗਰਾਮ ਵਿੱਚ ਕਿਹਾ ਕਿ ਰਾਜਿੰਦਰਾ ਤੇ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਕੇ ਇੱਥੇ ਪੀਜੀਆਈ ਦੀ ਤਰਜ਼ ’ਤੇ ਇਲਾਜ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਲਈ ਵੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਸਹੂਲਤ ਦਿੰਦਿਆਂ ਵਿਸ਼ੇਸ਼ ਪੈਕੇਜ ਤਿਆਰ ਕੀਤੇ ਜਾਣਗੇ।

ਇਸ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜੌੜੇਮਾਜਰਾ ਨੇ ਅੱਖਾਂ ਦਾਨ ਕਰਨ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਖ਼ੁਦ ਵੀ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਅੱਖਾਂ ਦਾਨ ਕਰ ਕੇ ਰੌਸ਼ਨ ਸਮਾਜ ਸਿਰਜਣ ਵਿੱਚ ਸਹਿਯੋਗ ਕੀਤਾ ਜਾ ਸਕਦਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਨੂੰ ਕਰੈਟੋਪਲਾਸਟੀ ਸਰਜਰੀ ਦਾ ਕੇਂਦਰ ਬਣਾਉਣ ਲਈ ਪੂਰੀ ਵਾਹ ਲਾਈ ਜਾਵੇਗੀ। ਇਸ ਦੌਰਾਨ ਇੱਕ ਦਹਾਕੇ ਤੋਂ ਰਾਜਿੰਦਰਾ ਹਸਪਤਾਲ ਵਿੱਚ ਅੱਖਾਂ ਦੀਆਂ ਪੁਤਲੀਆਂ ਬਦਲਣ ਦੇ ਬੰਦ ਹੋਏ ਅਪਰੇਸ਼ਨ ਵੀ ਮੁੜ ਸ਼ੁਰੂ ਕਰਵਾਏ ਗਏ ਹਨ, ਜਿਥੇ ਕਰਵਾਏ ਗਏ ਮੁਫ਼ਤ ਕੋਰਨੀਆ ਟਰਾਂਸਪਲਾਂਟ ਨਾਲ ਕੁਝ ਮਰੀਜ਼ਾਂ ਨੂੰ ਮੁੜ ਅੱਖਾਂ ਦੀ ਰੌਸ਼ਨੀ ਪ੍ਰਾਪਤ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਇਲਾਜ ਪੱਖੋਂ ਪੰਜਾਬ ਨੂੰ ਅੱਵਲ ਸੂਬਾ ਬਣਾਉਣਾ ਹੀ ‘ਆਪ’ ਸਰਕਾਰ ਦਾ ਮੁੱਖ ਟੀਚਾ ਹੈ।ਇਸ ਤਹਿਤ ਸਸਤੀ ਮੈਡੀਕਲ ਦੀ ਪੜ੍ਹਾਈ ਮੁਹੱਈਆ ਕਰਵਾਉਣ ਲਈ 16 ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ।

ਅੱਖਾਂ ਦੇ ਮਾਹਿਰ ਅਤੇ ਵਿਧਾਇਕ ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੇਲੇ ਪਟਿਆਲਾ ਕਰੈਟੋਪਲਾਸਟੀ (ਅੱਖਾਂ ਦੀਆਂ ਪੁਤਲੀਆਂ ਬਦਲਣ) ਦਾ ਕੇਂਦਰ ਹੁੰਦਾ ਸੀ, ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਸਬੰਧੀ ਧਿਆਨ ਨਾ ਦਿੱਤੇ ਜਾਣ ਕਾਰਨ ਹਾਲਾਤ ਵਿਗੜ ਗਏ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅੱਖਾਂ ਦਾਨ ਕਰਨ ਦੀ ਮੁਹਿੰਮ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਉਪਰਾਲੇ ਕਰੇਗਾ, ਤਾਂ ਕਿ ਕਿਸੇ ਕਾਰਨ ਅੱਖਾਂ ਦੀ ਰੌਸ਼ਨੀ ਗਵਾਉਣ ਵਾਲੇ ਮਰੀਜ਼ਾਂ ਨੂੰ ਮੁੜ ਰੌਸ਼ਨੀ ਮਿਲ ਸਕੇ।