ਲੰਬੀ : 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਘਰ ‘ਚ ਸਵੇਰ ਤੋਂ ਹੀ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਹਰ ਕੋਈ ਆਪਣੇ ਮਰਹੂਮ ਆਗੂ ਨੂੰ ਇੱਕ ਨਜ਼ਰ ਵੇਖਣਾ ਚਾਹੁੰਦਾ ਸੀ ਜਿਸ ਨੇ 96 ਸਾਲਾਂ ਵਿੱਚੋਂ 75 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਦਿੱਤੇ । ਲੰਬੀ ਹਲਕੇ ਤੋਂ ਉਹ 6 ਵਾਰ ਵਿਧਾਇਕ ਰਹੇ, ਸ਼ਾਇਦ ਹੀ ਉੱਥੋਂ ਦਾ ਕੋਈ ਸ਼ਖਸ਼ ਹੋਏ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਅਖੀਰਲੀ ਵਾਰ ਸ਼ਰਧਾਂਜਲੀ ਦੇਣ ਨਾ ਪਹੁੰਚਿਆ ਹੋਵੇ। ਜਿਵੇਂ-ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਵਿਦਾ ਕਰਨ ਦੀ ਘੜੀ ਨਜ਼ਦੀਕ ਆ ਰਹੀ ਸੀ ਪਰਿਵਾਰ ਦੀਆਂ ਧੜਕਣਾਂ ਵੀ ਵੱਧ ਰਹੀਆਂ ਸਨ । ਜਿਸ ਸ਼ਖਸ ਦੀ ਗੋਦ ਦਾ 2 ਪੀੜੀਆਂ ਨੇ ਆਨੰਦ ਮਾਣਿਆ ਹੋਵੇ ਉਹ ਭਲਾ ਇਸ ਤਰ੍ਹਾਂ ਕਿਵੇਂ ਜਾ ਸਕਦਾ ਹੈ। ਪਰਿਵਾਰ ਦਾ ਕੋਈ ਵੀ ਮੈਂਬਰ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਸੀ । ਪੋਤਰੇ ਅਤੇ ਪੋਤਰੀਆਂ ਨੇ ਕਈ ਵਾਰ ਵਿਹੜੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਕਦਰਦਾਨਾਂ ਦੀ ਭੀੜ ਵੇਖੀ ਹੋਵੇਗੀ । ਪਰ ਅੱਜ ਲੋਕਾਂ ਦਾ ਇਕੱਠ ਉਨ੍ਹਾਂ ਦੀ ਅੱਖਾਂ ਨੂੰ ਕਿਧਰੇ ਨਾ ਕਿਧਰੇ ਪਰੇਸ਼ਾਨ ਕਰ ਰਿਹਾ ਸੀ। ਕਿਉਂਕਿ ਹਰ ਆਉਣ ਵਾਲਾ ਸ਼ਖਸ ਉਨ੍ਹਾਂ ਦੇ ਸਿਰਉੱਤੇ ਹੱਥ ਰੱਖ ਰਿਹਾ ਸੀ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿ ਉਨ੍ਹਾਂ ਦੇ ਸਿਰ ਤੋਂ ਦਾਦੇ ਦਾ ਹੱਥ ਹੁਣ ਉੱਠ ਚੁੱਕਾ ਹੈ। ਦੋਵੇਂ ਪੋਤਰੀਆਂ ਗੁਰਲੀਨ ਅਤੇ ਹਰਲੀਨ ਕੌਰ ਦਾਦੇ ਦੀ ਮ੍ਰਿਤਕ ਦੇਹ ਨਾਲ ਜੁੜ ਕੇ ਖੜੀਆਂ ਸਨ। ਸ਼ੀਸ਼ੇ ਤੋਂ ਵਾਰ-ਵਾਰ ਤੱਕ ਰਹੀਆਂ ਸਨ, ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਫਿਕ ਇੱਕ ਦੂਜੇ ਨੂੰ ਦਿਲਾਸਾ ਦਿੰਦੀਆਂ ਸਨ ਕਿ ਹੁਣ ਸਭ ਖਤਮ ਹੋ ਚੁੱਕਾ ਹੈ ਸਿਰਫ਼ ਦਾਦਾ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੀਆਂ ਯਾਦਾਂ ਹੀ ਬਚੀਆਂ ਹਨ ਜੋ ਉਨ੍ਹਾਂ ਨੂੰ ਹਮੇਸ਼ਾ ਚੰਗਾ ਜੀਵਨ ਜਿਓਣ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ ।
ਪ੍ਰਕਾਸ਼ ਸਿੰਘ ਦਾ ਪੋਤਰਾ ਅਨੰਤਬੀਰ ਸਿੰਘ ਵੀ ਪਿਤਾ ਵਾਂਗ ਆਪਣੇ ਦਾਦੇ ਨੂੰ ਵਾਰ-ਵਾਰ ਵੇਖ ਰਿਹਾ ਸੀ। ਯਾਦ ਕਰ ਰਿਹਾ ਸੀ ਦਾਦੇ ਨਾਲ ਖੇਡੀਆਂ ਖੇਡਾਂ,ਉਨ੍ਹਾਂ ਦੀਆਂ ਸੁਣਾਈਆਂ ਕਹਾਣੀਆਂ,ਪੰਜਾਬ ਨੂੰ ਲੈਕੇ, ਪੰਜਾਬ ਦੇ ਲੋਕਾਂ ਨੂੰ ਲੈਕੇ । ਦਾਦੇ ਨੂੰ ਸ਼ਰਧਾਂਜਲੀ ਦੇਣ ਵੇਲੇ ਪੋਤਰਾ ਅਨੰਤਬੀਰ ਨੇ ਨੀਲੀ ਪੱਗ ਬੰਨੀ ਸੀ ਦਾੜਾ ਪ੍ਰਕਾਸ਼ ਸੀ । ਇਹ ਨਿਸ਼ਾਨੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖਿਆ ਦੀ ਜਿਸ ਦੀ ਬਦੌਲਤ ਪੋਤਰਾ ਸਿੱਖੀ ਸਰੂਪ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ।
ਇੱਕ ਹੋਰ ਤਸਵੀਰ ਵੀ ਭਾਵੁਕ ਕਰਨ ਵਾਲੀ ਸੀ ਜਦੋਂ ਪ੍ਰਕਾਸ਼ ਸ਼ਿੰਘ ਬਾਦਲ ਨੂੰ ਅੰਤਿਮ ਯਾਤਰਾ ਲਈ ਲਿਜਾਉਣ ਦਾ ਸਮਾਂ ਆਇਆ ਤਾਂ ਸ਼ੀਸ਼ੇ ਦਾ ਕਵਰ ਖੋਲ੍ਹਿਆ ਗਿਆ ਤਾਂ ਪਿਤਾ ਨੂੰ ਵੇਖ ਕੇ ਸੁਖਬੀਰ ਸਿੰਘ ਬਾਦਲ ਅਤੇ ਨੂੰਹ ਹਰਸਿਮਰਤ ਕੌਰ ਬਾਦਲ ਬਹੁਤ ਜ਼ਿਆਦਾ ਭਾਵੁਕ ਹੋ ਗਏ । ਦੋਵੇਂ ਇੱਕ ਦੂਜੇ ਦੇ ਗਲ ਲੱਗ ਗਏ ਅਤੇ ਰੋਣ ਲੱਗੇ,ਸੁਖਬੀਰ ਅਤੇ ਹਰਸਿਮਰਤ ਇੱਕ ਦੂਜੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਆਲੇ ਦੁਆਲੇ ਖੜੇ ਲੋਕ ਦੋਵਾਂ ਨੂੰ ਦਿਲਾਸਾ ਦੇ ਰਹੇ ਸਨ , ਕਿਉਂਕਿ ਉਹ ਘੜੀ ਆ ਚੁੱਕੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਘਰੋਂ ਅਖੀਰਲੀ ਵਾਰ ਵਿਦਾ ਹੋ ਰਹੇ ਸਨ । ਹਰਸਿਮਰਤ ਕੌਰ ਬਾਦਲ ਨੂੰ ਸ਼ਾਇਦ ਉਹ ਸਮਾਂ ਯਾਦ ਆ ਗਿਆ ਜਦੋਂ ਉਹ ਇਸ ਘਰ ਵਿੱਚ ਨੂੰਹ ਬਣ ਕੇ ਆਏ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਘਰ ਸੰਭਾਲਣ ਦੀ ਜਿਹੜੀ ਗੁੜਤੀ ਦਿੱਤੀ ਸੀ ।
ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਹਮੇਸ਼ਾ ਇਕੱਠਾ ਵੇਖਣਾ ਚਾਹੁੰਦੇ ਸਨ, ਉਨ੍ਹਾਂ ਲਈ ਦੋਵੇਂ ਬਰਾਬਰ ਸਨ, ਸੁਖਬੀਰ ਤੋਂ ਪਹਿਲਾਂ ਉਹ ਮਨਪ੍ਰੀਤ ਨੂੰ ਸਿਆਸਤ ਵਿੱਚ ਲੈਕੇ ਆਏ ਅਤੇ ਆਪਣੇ ਜੱਦੀ ਸੀਟ ਵੀ ਛੱਡੀ। ਸਿਆਸਤ ਨੇ ਦੋਵਾਂ ਭਰਾਵਾਂ ਵਿੱਚ ਪਾੜ ਪਾ ਦਿੱਤਾ, ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋਇਆ ਤਾਂ ਦੋਵਾਂ ਭਰਾਵਾਂ ਦੀ ਗਲੇ ਲੱਗਣ ਅਤੇ ਫੁੱਟ-ਫੁੱਟ ਕੇ ਰੋਣ ਦੀ ਤਸਵੀਰ ਨੇ ਹਰ ਇੱਕ ਨੂੰ ਭਾਵੁਕ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਦੋਵੇਂ ਭਰਾਵਾਂ ਦੀ ਖੁਸ਼ੀ ਨਾਲ ਗਲੇ ਲੱਗਣ ਦੀ ਤਸਵੀਰ ਵੇਖਣਾ ਚਾਹੁੰਦੇ ਸਨ । ਇਹ ਉਨ੍ਹਾਂ ਦੀ ਅੰਤਿਮ ਇੱਛਾ ਵਿੱਚੋਂ ਇੱਕ ਸੀ ।
ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਚਿਖਾ ‘ਤੇ ਲਿਆਂਦਾ ਗਿਆ ਤਾਂ ਅੰਤਿਮ ਵਾਰ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਣਾਮ ਕਰਨ ਦਾ ਸਮਾਂ ਆਇਆ ਤਾਂ ਸਿਰ ਦੇ ਨਜ਼ਦੀਕ ਸੁਖਬੀਰ ਸਿੰਘ ਬਾਦਲ ਅਤੇ ਪੈਰਾਂ ਵਾਲੇ ਪਾਸੇ ਭੈਣ ਕਿੰਨੀ ਦੇਰ ਤੱਕ ਸਿਰ ਝੁਕਾ ਕੇ ਬੈਠੀ ਰਹੀ,ਜਿਵੇਂ ਉਨ੍ਹਾਂ ਦਾ ਹੁਣ ਹੀ ਮਨ ਮੰਨਣ ਨੂੰ ਤਿਆਰ ਨਹੀਂ ਸੀ ਕਿ ਬਾਬਾ ਬੋਹੜ ਹੁਣ ਸੁਆਸਾਂ ਪੱਖੋਂ ਭਾਵੇਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ,ਪਰ ਦਿਲਾਂ ਵਿੱਚ ਉਹ ਹਮੇਸ਼ਾ ਜ਼ਿੰਦਾ ਰਹਿਣਗੇ। ਪਰਿਵਾਰ ਦੇ ਕੁਝ ਮੈਂਬਰਾਂ ਨੇ ਭੈਣ ਨੂੰ ਤਾਂ ਕੁਝ ਨੇ ਸੁਖਬੀਰ ਨੂੰ ਦਿਲਾਸਾ ਦਿੱਤਾ ਅਤੇ ਫਿਰ ਉਹ ਔਖਾ ਸਮਾਂ ਆਇਆ ਜਦੋਂ ਪਿਤਾ ਦਾ ਸਸਕਾਰ ਕਰਨਾ ਸੀ । ਪਾਠ ਅਤੇ ਅਰਦਾਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਿਤਾ ਨੂੰ ਭਿੱਜੀਆਂ ਅੱਖਾਂ ਨਾਲ ਸਰੀਰਕ ਤੌਰ ‘ਤੇ ਵਿਦਾਈ ਦਿੱਤੀ ।