Punjab

ਸਿੱਖ ਨੌਜਵਾਨ ਦਾ ਅੰਤਿਮ ਸਸਕਾਰ ! ਭਾਵੁਕ ਪਿਤਾ ਨੇ ਪੰਜਾਬੀ ਮਾਪਿਆਂ ਨੂੰ ਕਿਹਾ ਫਰਜ਼ ਪਛਾਣੋ ਆਪਣਾ !

Pardeep singh cremation

ਬਿਊਰੋ ਰਿਪੋਰਟ : 6 ਮਾਰਚ ਨੂੰ ਹੋਲਾ ਮਹੱਲਾ ਦੀ ਪਹਿਲੀ ਰਾਤ ਸ੍ਰੀ ਆਨੁੰਦਪੁਰ ਸਾਹਿਬ ਦੀ ਧਰਤੀ ‘ਤੇ ਜੋ ਕੁਝ ਹੋਇਆ ਉਹ ਬਹੁਤ ਦੀ ਸ਼ਰਮਿੰਦਗੀ ਦੀ ਘਟਨਾ ਸੀ । ਚਾਰੋ ਪਾਸੇ ਤੋਂ ਘੇਰਾ ਪਾਕੇ 24 ਸਾਲ ਦੇ ਪ੍ਰਦੀਪ ਸਿੰਘ ਉਰਫ ਪ੍ਰਿੰਸ ਦਾ ਕਤਲ ਕਰ ਦਿੱਤਾ ਗਿਆ । ਉਹ ਵੀ ਇਸ ਲਈ ਕਿਉਂਕਿ ਉਹ ਗੁਰੂ ਦੀ ਮਿਆਦਾ ‘ਤੇ ਪੈਰਾ ਦੇ ਰਿਹਾ ਸੀ, ਅਸ਼ਲੀਲ ਗਾਣੇ ਚਲਾਉਣ ਵਾਲੇ ਨੌਜਵਾਨ ਨੂੰ ਰੋਕ ਰਿਹਾ ਸੀ । ਦਿਲ ਦੇ ਪੱਥਰ ਰੱਖ ਕੇ 4 ਦਿਨ ਬਾਅਦ ਪਿਤਾ ਗੁਰਬਖ਼ਸ਼ ਸਿੰਘ ਨੇ ਗੁਰਦਾਸਪੁਰ ਦੇ ਜੱਦੀ ਪਿੰਡ ਗਾਜ਼ੀਕੋਟ ਵਿੱਚ ਆਪਣੇ ਪੁੱਤ ਪ੍ਰਦੀਪ ਦਾ ਅੰਤਿਮ ਸਸਕਾਰ ਤਾਂ ਕਰ ਦਿੱਤਾ ਹੈ । ਪਰ ਪਿਤਾ ਦੇ ਮਨ ਵਿੱਚ ਹੁਣ ਵੀ ਇਹ ਹੀ ਦਰਦ ਹੈ ਕਿ ਆਖਿਰ ਨਾਲ ਖੜੇ ਕਿਸੇ ਵੀ ਸ਼ਖ਼ਸ ਨੇ ਉਸ ਦੀ ਮਦਦ ਕਿਉਂ ਨਹੀਂ ਕੀਤੀ। ਫੌਜ ਵਿੱਚ ਕੈਪਟਨ ਗੁਰਬਖ਼ਸ਼ ਸਿੰਘ ਨੇ ਕਿਹਾ ‘ਮੇਰੇ ਪੁੱਤ ਦੀ ਸ਼ਹਾਦਤ ਹੋਈ ਹੈ । ਧਾਰਮਿਕ ਥਾਵਾਂ ‘ਤੇ ਹੁੱਲੜਬਾਜ਼ੀ ਰੋਕਣ ਦੇ ਲਈ ਗੁਰੂ ਦੀ ਮਰਿਆਦਾ ਨੂੰ ਭੰਗ ਕਰਨ ਤੋਂ ਰੋਕਣ ਲਈ ਉਸ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ । ਪਿਤਾ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਹੋ ਸਕਦਾ ਹੈ ਇਸ ‘ਤੇ ਲਗਾਮ ਲੱਗੇ । ਗੁਰਬਖ਼ਸ ਸਿੰਘ ਨੇ ਪੰਜਾਬ ਦੇ ਮਾਪਿਆਂ ਨੂੰ ਆਪਣੇ ਫਰਜ਼ ਦੀ ਯਾਦ ਦਿਵਾਈ,ਉਨ੍ਹਾਂ ਕਿਹਾ ਪਹਿਲਾਂ ਫਰਜ਼ ਮਾਪਿਆਂ ਦਾ ਹੈ ਕਿ ਉਹ ਆਪਣੇ ਬੱਚੇ ਨੂੰ ਸਮਝਾਉਣ ਕਿ ਜੇਕਰ ਉਹ ਗੁਰੂ ਘਰ ਜਾ ਰਿਹਾ ਹੈ ਤਾਂ ਉਸੇ ਭਾਵਨਾ ਨਾਲ ਜਾਣ,ਗਾਣੇ ਸੁਣਨ ਅਤੇ ਮੇਲਾ ਵੇਖਣ ਜਾ ਰਹੇ ਹਨ ਤਾਂ ਮੇਰੀ ਬੇਨਤੀ ਹੈ ਕਿ ਅਜਿਹੀ ਥਾਂ ‘ਤੇ ਬਿਲਕੁਲ ਵੀ ਬੱਚੇ ਨੂੰ ਨਾ ਭੇਜੋ’ । ਇਸ ਤੋਂ ਪਹਿਲਾਂ ਪਿਤਾ ਨੇ ਪੁੱਤ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਰਕਾਰ ਦੇ ਸਾਹਮਣੇ ਸ਼ਰਤ ਰੱਖੀ ਸੀ ।

ਪ੍ਰਸ਼ਾਸਨ ਨੇ ਪਰਿਵਾਰ ਨੂੰ ਦਿੱਤਾ ਭਰੋਸਾ

ਪੰਜਾਬ ਪੁਲਿਸ ਨੇ ਜਦੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪਣੀ ਸੀ ਤਾਂ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ । ਪਿਤਾ ਨੇ ਕਿਹਾ ਸੀ ਕਿ ਪਹਿਲਾਂ ਪੁਲਿਸ ਸਾਰੇ ਮੁਲਜ਼ਮਾਂ ਨੂੰ ਫੜੇ ਜਿੰਨ੍ਹਾਂ ਨੇ ਘੇਰਾ ਪਾਕੇ ਪੁੱਤਰ ਦਾ ਕਤਲ ਕੀਤਾ । ਪਿਤਾ ਨੇ ਕਿਹਾ ਸੀ ਕਿ ਉਹ ਵੀ ਇਨਸਾਫ਼ ਦੇ ਲਈ ਮੂਸੇਵਾਲਾ ਦੇ ਮਾਪਿਆਂ ਵਾਂਗ ਦਰਦਰ ‘ਤੇ ਭੱਟਨਾ ਨਹੀਂ ਚਾਉਂਦੇ ਹਨ । ਪਰ ਹੁਣ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਪੁੱਤਰ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਦਾ ਅੰਤਮ ਸਸਕਾਰ ਕਰ ਦਿੱਤਾ ਹੈ। ਪਰ ਉਮੀਦ ਜਤਾਈ ਹੈ ਕਿ ਉਹ ਜਲਦ ਤੋਂ ਜਲਦ ਪੁਲਿਸ ਉਸ ਦੇ ਪੁੱਤਰ ਦੇ ਦੋਸ਼ੀਆਂ ਨੂੰ ਫੜੇਗੀ। ਅੰਤਿਮ ਸਸਕਾਰ ਵੇਲੇ ਕਈ ਸਿਆਸੀ ਹਸਤਿਆਂ ਅਤੇ ਨਿਹੰਗ ਜਥੇਬੰਦੀਆਂ ਵੀ ਪਹੁੰਚੀਆਂ ਸਨ । ਪ੍ਰਦੀਪ ਸਿੰਘ ਉਰਫ ਪ੍ਰਿੰਸ ਬਚਪਨ ਤੋਂ ਨਿਹੰਗ ਜਥੇਬੰਦੀ ਬਾਬਾ ਬੁੱਢਾ ਦਲ ਨਾਲ ਜੁੜਿਆ ਸੀ । ਅਕਾਲੀ ਦਲ ਤੋਂ ਬਿਕਰਮ ਸਿੰਘ ਮਜੀਠੀਆ ਅਤੇ ਬਟਾਲਾ ਤੋਂ ਸਾਬਕਾ ਅਕਾਲੀ ਵਿਧਾਇਕ ਲੋਧੀਨੰਗਲ ਵੀ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ ਸਨ । ਉਧਰ ਪ੍ਰਦੀਪ ਦੇ ਕਤਲ ਦੇ ਮਾਮਲੇ ਵਿੱਚ ਜਿਸ ਸ਼ਖਸ ਖਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਹੈ ਉਸ ਦੀ ਪਤਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ ।

ਮੁਲਜ਼ਮ ਦੀ ਪਤਨੀ ਦਾ ਬਿਆਨ

ਮੁਲਜ਼ਮ ਮੁਲਜ਼ਮ ਨਿਰੰਜਣ ਸਿੰਘ ਦੀ ਪਤਨੀ ਗੁਰਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਨਿਹੰਗ ਸਿੰਘ ‘ਤੇ ਹਮਲਾ ਨਹੀਂ ਕੀਤਾ ਸਗੋਂ ਨਿਹੰਗ ਸਿੰਘ ਨੇ ਪਹਿਲਾਂ ਉਸਦੇ ਪਤੀ ‘ਤੇ ਹਮਲਾ ਕੀਤਾ ਸੀ। ਪਤਨੀ ਨੇ ਕਿਹਾ ਕਿ ਮ੍ਰਿਤਕ ਨਿਹੰਗ ਸਿੰਘ ਵੱਲੋਂ ਤਲਵਾਰ ਨਾਲ ਹਮਲਾ ਕਰਕੇ ਉਸਦੇ ਪਤੀ ਦੇ ਹੱਥ ਵੱਢ ਦਿੱਤੇ ਸਨ। ਉਸਨੇ ਸਵਾਲ ਕੀਤਾ ਕਿ ਜਦੋਂ ਉਸਦੇ ਪਤੀ ਦੇ ਦੋਵੇਂ ਹੱਥ ਨਿਹੰਗ ਸਿੰਘ ਵੱਲੋਂ ਵੱਢ ਦਿੱਤੇ ਗਏ ਸਨ ਤਾਂ ਉਹ ਨਿਹੰਗ ਸਿੰਘ ਨੂੰ ਕਿਸ ਤਰ੍ਹਾਂ ਮਾਰ ਸਕਦਾ ਹੈ। ਮੁਲਜ਼ਮ ਦੀ ਪਤਨੀ ਨੇ ਕਿਹਾ ਕਿ ਨਿਹੰਗ ਸਿੰਘ ਵੱਲੋਂ ਗਲਤੀ ਨਾਲ ਵਾਰ ਹੋਣ ਤੋਂ ਬਾਅਦ ਨਿਹੰਗ ਸਿੰਘ ਨੇ ਉਸਦੇ ਪਤੀ ਨੂੰ ਜੱਫੀ ਵੀ ਪਾ ਕੇ ਮੁਆਫੀ ਵੀ ਮੰਗੀ ਸੀ। ਗੁਰਿੰਦਰ ਕੌਰ ਨੇ ਕਿਹਾ ਕਿ ਬਿਨਾਂ ਕਿਸੇ ਜਾਂਚ ਤੋਂ ਉਸਦੇ ਪਤੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਗੁਰਿੰਦਰ ਕੌਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੇਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦਾ ਤਾਂ ਜੋ ਅਸਲੀ ਮੁਲਜ਼ਮ ਸਾਹਮਣੇ ਆ ਸਕੇ ਅਤੇ ਉਸਦਾ ਪਤੀ ਬੇਗੁਨਾਹ ਹੋ ਸਕੇ।