ਸਿਕੰਦਰ ਸਿੰਘ ਮਲੂਕਾ (Sikandar Singh Maluka) ਦੀ ਨੂੰਹ ਪਰਮਪਾਲ ਕੌਰ ਵੱਲੋਂ ਵਲੰਟੀਅਰ ਰਿਟਾਇਰਮੈਂਟ (VRS) ਲੈਣ ਤੋਂ ਬਾਅਦ ਵੀ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਪਰਮਪਾਲ ਕੌਰ ਨੇ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ਦਾ ਡੀਐਨਏ ਟੈਸਟ ਕਰਵਾਉਣਾ ਵਾਲੇ ਬਿਆਨ ਤੇ ਤੰਜ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਡੀਐਨਏ ਦੀ ਫੁਲਫਾਮ ਵੀ ਪਤਾ ਨਹੀਂ ਹੋਵੇਗੀ।
ਪਰਮਪਾਲ ਕੌਰ ਨੇ ਮੁੱਖ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਨੂੰ ਮੇਰੀ ਸੇਵਾਮੁਕਤੀ ਬਾਰੇ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਉਨ੍ਹਾਂ ਨੇ ਸਵੈ-ਇੱਛਾ ਨਾਲ ਸੇਵਾਮੁਕਤੀ ਲਈ ਹੈ। ਅਸਤੀਫ਼ੇ ਅਤੇ ਸਵੈ-ਇੱਛਾ ਨਾਲ ਸੇਵਾਮੁਕਤੀ ਵਿੱਚ ਫਰਕ ਹੁੰਦਾ ਹੈ ਅਤੇ ਇਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣ ਵਾਲਾ ਹੈ।
ਟਿਕਟ ਮਿਲੇ ਜਾਂ ਨਾ ਮਿਲੇ, ਉਹ ਕਿਸਾਨਾਂ ਲਈ ਕੰਮ ਕਰੇਗੀ।
ਇਸ ਦੇ ਨਾਲ ਹੀ ਪਰਮਪਾਲ ਕੌਰ ਨੇ ਕਿਹਾ ਕਿ ਉਹ ਟਿਕਟ ਲਈ ਭਾਜਪਾ ਵਿੱਚ ਸ਼ਾਮਲ ਨਹੀਂ ਹੋਈ ਹੈ। ਟਿਕਟ ਮਿਲੇ ਜਾਂ ਨਾ ਮਿਲੇ, ਉਹ ਪੰਜਾਬ ਲਈ ਕੰਮ ਕਰੇਗੀ। ਉਹ ਕਿਸਾਨਾਂ ਦਾ ਸੁਨੇਹਾ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੀ ਹੈ। ਉਹ ਕਿਸਾਨਾਂ ਦੇ ਨਾਲ ਖੜੀ ਹੈ। ਉਸ ਨੂੰ ਭਰੋਸਾ ਹੈ ਕਿ ਕਿਸਾਨ ਉਸ ਦਾ ਵਿਰੋਧ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਅਸਤੀਫੇ ਉੱਤੇ ਚੁੱਕੇ ਸੀ ਸਵਾਲ
ਪਰਮਪਾਲ ਕੌਰ ਦੇ ਅਸਤੀਫੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਸਨ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਲਿਖਿਆ ਸੀ ਕਿ – ਪਰਮਪਾਲ ਕੌਰ ਦਾ ਆਈਏਐਸ ਅਧਿਕਾਰੀ ਵਜੋਂ ਦਿੱਤਾ ਗਿਆ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਜਿੰਨੀ ਜਲਦੀ ਤਹਾਨੂੰ IAS ਬਣਨ ਦੀ ਸੀ, ਛੱਡਣ ਦੇ ਵੀ ਕੁਝ ਤਰੀਕੇ ਹੁੰਦੇ ਹਨ। ਕਿਰਪਾ ਕਰਕੇ ਅਸਤੀਫਾ ਦੇਣ ਦੀ ਤਰੀਕੇ ਨੂੰ ਸਮਝੋ, ਨਹੀਂ ਤਾਂ ਤੁਹਾਡੀ ਪੂਰੀ ਜ਼ਿੰਦਗੀ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ।
ਸੁਖਬੀਰ ਬਾਦਲ ਨੇ ਕਿਹਾ ਸੀ DNA ਕਰੋ ਜਾਂਚ
ਕੱਲ੍ਹ ਪਟਿਆਲਾ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਪੰਜਾਬ ਦੀ ਆਵਾਜ਼’ ਹੈ।
ਸੁਖਬੀਰ ਬਾਦਲ ਸੂਬਾ ਭਾਜਪਾ ਕਾਰਜਕਾਰਨੀ ਦੇ ਮੈਂਬਰ ਅਤੇ ਸਮਾਜ ਸੇਵੀ ਪ੍ਰੋਫੈਸਰ ਸੁਮਰਿੰਦਰ ਸਿੰਘ ਸੀਰਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਇਸ਼ਾਰੇ ਵਿੱਚ ਕਿਹਾ ਕਿ “ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਹੈ।”
3 ਅਪ੍ਰੈਲ ਨੂੰ ਭੇਜੀ ਸੀ ਅਰਜ਼ੀ
ਪਰਮਪਾਲ ਕੌਰ ਨੇ 3 ਅਪ੍ਰੈਲ ਨੂੰ ਹੀ ਆਪਣੀ ਵੀਆਰਐਸ ਅਰਜ਼ੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਸੀ। ਉਦੋਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਭਾਜਪਾ ‘ਚ ਸ਼ਾਮਲ ਹੋ ਸਕਦੀ ਹੈ। ਪਰ ਕਰੀਬ ਇੱਕ ਹਫ਼ਤੇ ਤੋਂ ਉਸ ਦੀ ਅਰਜ਼ੀ ’ਤੇ ਪੰਜਾਬ ਸਰਕਾਰ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ। ਜਿਸ ਤੋਂ ਬਾਅਦ ਕੇਂਦਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦਖਲ ਦਿੰਦੇ ਹੋਏ ਬੁੱਧਵਾਰ ਸ਼ਾਮ ਨੂੰ ਹੀ ਉਸ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ।