Punjab

ਪੰਜਾਬ ‘ਚ ਕੁੱਤਾ ਵੀ ਮਰਦਾ ਹੈ ਤਾਂ ਵਿਰੋਧੀ ਧਿਰਾਂ ਭਗਵੰਤ ਮਾਨ ਨੂੰ ਦੋਸ਼ੀ ਮੰਨਣ ਲੱਗ ਪੈਂਦੀਆਂ ਹਨ:ਕੰਗ

ਖਾਲਸ ਬਿਊਰੋ:ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਦੇ ਵੀਸੀ ਨਾਲ ਕੀਤੇ ਵਿਵਹਾਰ ਨੂੰ ਲੈ ਕੇ ਉੱਠੇ ਬਵਾਲ ‘ਤੇ ਪਾਰਟੀ ਦੇ ਬੁਲਾਰੇ ਕੰਗ ਨੇ ਕਿਹਾ ਕਿ ਹਸਪਤਾਲਾਂ ਵਿੱਚ ਇਲਾਜ ਦੀ ਕਮੀ ਹੋਣ,ਸਿਹਤ ਵਿਭਾਗ ਵਿੱਚ ਹੋਏ ਘਪਲਿਆਂ ਦੌਰਾਨ ਜਾ ਫਿਰ ਕਿਸੇ ਵੀ ਗਰੀਬ ਵਿਅਕਤੀ ਨੂੰ ਦਰਪੇਸ਼ ਆਉਂਦੀ ਕਿਸੇ ਵੀ ਮੁਸੀਬਤ ਵੇਲੇ ਵਿਰੋਧੀ ਪਾਰਟੀ ਆਵਾਜ਼ ਨਹੀਂ ਕਿਉਂ ਨਹੀਂ ਉਠਾਉਂਦੀ? ਪਿਛਲੀਆਂ ਸਰਕਾਰਾਂ ਦੇ ਵੇਲੇ ਕੋਈ ਵੀ ਸਿਹਤ ਸਹੂਲਤਾਂ ਸਹੀ ਤਰੀਕੇ ਨਾਲ ਆਮ ਲੋਕਾਂ ਨੂੰ ਨਹੀਂ ਸੀ ਦਿੱਤੀਆਂ ਜਾਂਦੀਆਂ ਸਗੋਂ ਵੱਡੇ-ਵੱਡੇ ਘਪਲਿਆਂ ਦੀਆਂ ਖਬਰਾਂ ਹੀ ਸਾਹਮਣੇ ਆਉਂਦੀਆਂ ਸਨ।


ਪੰਜਾਬ ਦੇ ਸਿਹਤ ਮੰਤਰੀ ਲਗਾਤਾਰ ਦੌਰੇ ਕਰ ਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈ ਰਹੇ ਹਨ।ਇਸੇ ਤਰਾਂ ਕੱਲ ਉਹ ਫਰੀਦਕੋਟ ਵੀ ਗਏ ਸੀ ਤੇ ਉਥੇ ਉਹਨਾਂ ਮੈਡੀਕਲ ਕਾਲਜ ਦੇ ਚਮੜੀ ਵਿਭਾਗ ਦਾ ਮੁਆਇਨਾ ਕੀਤਾ ਸੀ ਤਾਂ ਦੇਖਿਆ ਕਿ ਉਥੇ ਕਾਫੀ ਗੰਦਗੀ ਸੀ ਤੇ ਜਿਹਨਾਂ ਗੱਦਿਆਂ ‘ਤੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ,ਉਹਨਾਂ ਦੀ ਹਾਲਤ ਬਹੁਤ ਤਰਸਯੋਗ ਸੀ।ਵੀਸੀ ਨਾਲ ਹੋਏ ਸਿਹਤ ਮੰਤਰੀ ਦੇ ਵਿਵਹਾਰ ਬਾਰੇ ਉਹਨਾਂ ਬੋਲਦਿਆਂ ਕਿਹਾ ਕਿ ਡਾਕਟਰ ਸਾਹਿਬਾਨ ਤੇ ਮੈਨੇਜਮੈਂਟ ਦਾ ਪੂਰਾ ਸਤਿਕਾਰ ਹੈ ਪਰ ਇਸ ਵਿਵਹਾਰ ਪਿੱਛੇ ਸਿਰਫ ਆਮ ਲੋਕਾਂ ਨੂੰ ਮਿਲਦੀਆਂ ਸਿਹਤ ਸਹੂਲਤਾਂ ਨੂੰ ਉਜਾਗਰ ਕਰਨ ਦਾ ਮਕਸਦ ਸੀ,ਨਾ ਕਿ ਕਿਸੇ ਦੀ ਬੇਇਜ਼ਤੀ ਕਰਨਾ। ਵਿਰੋਧੀ ਧਿਰਾਂ ਵਲੋਂ ਕੀਤੇ ਜਾ ਰਹੇ ਵਿਰੋਧ ‘ਤੇ ਬੋਲਦਿਆਂ ਉਹਨਾਂ ਤੰਜ ਕਸਿਆ ਕਿ ਪੰਜਾਬ ਵਿੱਚ ਜਦੋਂ ਕੋਈ ਕੁੱਤਾ ਵੀ ਮਰ ਜਾਂਦਾ ਹੈ ਤਾਂ ਸਾਰੇ ਭਗਵੰਤ ਮਾਨ ਨੂੰ ਹੀ ਦੋਸ਼ੀ ਮੰਨਦੇ ਹਨ।ਹਸਪਤਾਲ ਵਿੱਚ ਖਰਾਬ ਗੱਦਿਆਂ ਦੀ ਤਸਵੀਰ ਦਿਖਾਂਦੇ ਹੋਏ ਉਹਨਾਂ ਕਿਹਾ ਕਿ ਇਸ ਤਰਾਂ ਦੇ ਹਾਲਾਤਾਂ ਲਈ ਮੈਨੇਜਮੈਂਟ ਜਿੰਮੇਂਵਾਰ ਹੈ ਤੇ ਪੰਜਾਬ ਸਰਕਾਰ ਇਹਨਾਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਕੰਮ ਕਰ ਰਹੀ ਹੈ।

ਸੂਬੇ ਵਿੱਚ 15 ਅਗਸਤ ਨੂੰ 75 ਮੁਹੱਲਾ ਕਲੀਨੀਕ ਖੋਲੇ ਜਾ ਰਹੇ ਹਨ,ਹਸਪਤਾਲ ਅਪਗ੍ਰੇਡ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 15 ਹੋਰ ਮੈਡੀਕਲ ਕਾਲਜ਼ ਖੋਲਣ ਦੀ ਤਜਵੀਜ਼ ਵੀ ਹੈ।ਵਿਰੋਧੀਆਂ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਦੀ ਸਿੱਖਿਆ ‘ਤੇ ਸਵਾਲ ਖੜੇ ਕੀਤੇ ਜਾਣ ‘ਤੇ ਉਹਨਾਂ ਕਿਹਾ ਹੈ ਕਿ ਬਲਵੀਰ ਸਿੰਘ ਸਿੱਧੂ ਕੋਲ ਕਿਹੜੀ ਐਮਬੀਬੀਐਸ ਦੀ ਡਿਗਰੀ ਹੈ ਤੇ ਓਪੀ ਸੋਨੀ ਦੀ ਸਿਖਿਆ ਕੀ ਹੈ?ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਉਥੇ ਜਾ ਕੇ ਆਮ ਲੋਕਾਂ ਦਾ ਵੀ ਸੁਣੀ ਜਾਵੇ ਕਿ ਉਹਨਾਂ ਨਾਲ ਉਥੇ ਕਿ ਵਿਵਹਾਰ ਹੁੰਦਾ ਹੈ ਤੇ ਮੈਨੇਜਮੈਂਟ ਉਹਨਾਂ ਨਾਲ ਕਿਹੋ ਜਿਹਾ ਸਲੂਕ ਕਰਦੀ ਹੈ।
ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਦੀ ਮੌਜੂਦਾ ਹਾਲਤ ਨੂੰ ਸੁਧਾਰਿਆ ਜਾਵੇਗਾ ਤੇ ਇਸ ਵਿਭਾਗ ਦੀ ਇਸ ਹਾਲਤ ਦੇ ਪਿੱਛੇ ਜਿੰਮੇਵਾਰ ਕਾਰਣਾਂ ਨੂੰ ਵੀ ਲੱਭਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਅਪਗ੍ਰੇਡ ਕੀਤਾ ਜਾਵੇਗਾ।