Punjab

“ਆਮ ਆਦਮੀ ਕਲੀਨਿਕਾਂ” ਨੂੰ ਲੈ ਕੇ ਵਿਰੋਧੀ ਹੋਏ ਸਰਗਰਮ,ਮਾਨ ਸਰਕਾਰ ‘ਤੇ ਲਾਏ ਨਿਸ਼ਾਨੇ ਤੇ ਖੜੇ ਕੀਤੇ ਸਵਾਲ

ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੇ ਗਏ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰਾਂ ਤੋਂ ਇਲਾਵਾ ਹੁਣ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ SGPC ਦਾ ਵੀ ਵਿਰੋਧ ਸਾਹਮਣੇ ਆਇਆ ਹੈ ।ਇਹ ਸਾਰੇ ਵਿਰੋਧ ਕਲੀਨਿਕਾਂ ਦੇ ਨਾਮ ਨੂੰ ਲੈ ਕੇ ਸਾਹਮਣੇ ਆਏ ਹਨ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣਏ ਇੱਕ ਟਵੀਟ ਰਾਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਧਾ ਨਿਸ਼ਾਨਾ ਲਾਇਆ ਹੈ ਕਿ ਸਰਕਾਰੀ ਖਜ਼ਾਨੇ ਦੀ ਕੀਮਤ ‘ਤੇ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਕੇ ‘ਆਪ’ ਦੇ ਨਾਮ ਦੇ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ । ਆਪਣੇ ਟਵੀਟ ਵਿੱਚ ਉਹਨਾਂ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਸਰਕਾਰੀ ਸਕੀਮਾਂ ਦੇ ਅਜਿਹੇ ਪੱਖਪਾਤੀ ਨਾਮ ਇੱਕ ਮਾੜੀ ਮਿਸਾਲ ਕਾਇਮ ਕਰਨਗੇ ਕਿਉਂਕਿ ਅਗਲੀਆਂ ਸਰਕਾਰਾਂ ਸਰਕਾਰੀ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪਾਰਟੀ ਦੇ ਨਾਮ ਦੀ ਵਰਤੋਂ ਕਰਨਗੀਆਂ। ਖਹਿਰਾ ਨੇ ਪੀਪਲਜ਼ ਕਲੀਨਿਕ ਨਾਮ ਵਰਤਣ ਦਾ ਸੁਝਾਅ ਵੀ ਦਿੱਤਾ ਹੈ।

ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਲਾਇਆ ਹੈ ਤੇ

ਆਪਣੇ ਟਵੀਟ ਵਿੱਚ ਕਿਹਾ ਹੈ ਕਿ ਪੰਜਾਬ ਦੀ ਸਿਹਤ ਪ੍ਰਣਾਲੀ ਵਿੱਚ ਬੇਸਿਰ ਪੈਰ ਦੀਆਂ ਤਬਦੀਲੀਆਂ ਪੰਜਾਬ ਨੂੰ “ਰੰਗਲਾ” ਨਹੀਂ ਸਗੋਂ “ਗੰਧਲਾ” ਬਣਾ ਦੇਣਗੀਆਂ। ਪੇਂਡੂ ਡਿਸਪੈਂਸਰੀਆਂ ਅਤੇ ਸਿਵਲ ਹਸਪਤਾਲਾਂ ਨੂੰ ਡਾਕਟਰਾਂ, ਉਪਕਰਨਾਂ ਅਤੇ ਦਵਾਈਆਂ ਦੀ ਲੋੜ ਹੈ ਨਾ ਕਿ ਕਰੋੜਾਂ ਰੁਪਏ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੀ।

ਇਸ ਤੋਂ ਇਲਾਵਾ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਲੀਨਿਕਾਂ ਦੇ ਨਾਂ ‘ਤੇ ਸਖ਼ਤ ਇਤਰਾਜ਼ ਕੀਤਾ ਹੈ । ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੰਨ 1999 ‘ਚ ਪੰਜਾਂ ਪਿਆਰਿਆਂ ਦੇ ਨਾਮ ‘ਤੇ ਬਣੇ ਹੈਲਥ ਸੈਂਟਰਾਂ ਭਾਈ ਦਇਆ ਸਿੰਘ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਮੁਸਤਫਾਬਾਦ,ਭਾਈ ਧਰਮ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਰਣਜੀਤ ਐਵਿਨਿਉ,ਭਾਈ ਹਿਮੰਤ ਸਿੰਘ ਸੈਟੇਲਾਈਟ ਹਸਪਤਾਲ ਘਣੁਪੁਰ ਕਾਲੇ ਅੰਮ੍ਰਿਤਸਰ, ਭਾਈ ਹਿਮੰਤ ਸਿੰਘ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ਤੇ ਭਾਈ ਸਾਹਿਬ ਸਿੰਘ ਸਰਕਾਰੀ ਹਸਪਤਾਲ ਅੰਮ੍ਰਿਤਸਰ ਦੇ ਨਾਂ ਦੇ ਥੱਲੇ ਮੁੱਖ ਮੰਤਰੀ ਪੰਜਾਬ ਦੀਆਂ ਫੋਟੋਆਂ ਲਾਈਆਂ ਗਈਆਂ ਹਨ ਤੇ ਉਹਨਾਂ ਨੂੰ ਮੁਹੱਲਾ ਕਲੀਨਿਕ ਦਾ ਨਾਂ ਦਿੱਤਾ ਗਿਆ ਹੈ,ਜੋ ਕਿ ਪੰਜਾ ਪਿਆਰਿਆਂ ਨੂੰ ਸਿੱਧੀ ਚੁਣੌਤੀ ਹੈ।