Punjab

ਬਜਟ ਇਜਲਾਸ ਦਾ ਦੂਜਾ ਦਿਨ,ਸਪੀਕਰ ਸੰਧਵਾਂ ਨੇ ਲਿਆ ਪ੍ਰਸ਼ਨ ਕਾਲ ਦੌਰਾਨ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਦੇ ਗੈਰਹਾਜਰ ਹੋਣ ਦਾ ਨੋਟਿਸ

On the second day of the budget session, Speaker Sandhavan took notice of the absence of many ministers of the Punjab government during the question period.

ਚੰਡੀਗੜ੍ਹ : ਸ਼ੁਕਰਵਾਰ ਨੂੰ ਸ਼ੁਰੂ ਹੋਏ ਬਜਟ ਇਜਲਾਸ  ( budget session ) ਤੋਂ ਬਾਅਦ ਅੱਜ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ। ਜਿਸ ਵਿੱਚ ਵਿਰੋਧੀ ਧਿਰ ਨੇ ਪ੍ਰਸ਼ਨ ਕਾਲ ਵਿਚ ਹੀ ਹੰਗਾਮਾਂ ਕਰਨ ਦੀ ਕੋਸ਼ਿਸ਼ ਕੀਤੀ।ਜਿਸ ਦੇ ਚਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰਿਆਂ ਨੂੰ ਬੈਠਣ ਲਈ ਬਾਰ-ਬਾਰ ਬੇਨਤੀ ਕੀਤੀ।

ਇਸ ਦੌਰਾਨ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਬੀ.ਐਲ. ਪੁਰੋਹਿਤ ਵਿਚਕਾਰ ਵੱਧ ਰਹੀ ਖਿੱਚੋਤਾਣ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਗਈ ਹੈ ਅਤੇ ਸੂਬੇ ਦੀ ਬਿਹਤਰੀ ਲਈ ਮਿਲ ਕੇ ਕੰਮ ਕਰੇਗੀ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕੋਲ ਇੱਥੋਂ ਦੇ ਹਸਪਤਾਲ ਦੀ ਐਮਰਜੈਂਸੀ ਵਿੱਚ 7 ​​ਡਾਕਟਰਾਂ ਦੀਆਂ ਅਸਾਮੀਆਂ ਹਨ ਪਰ ਇਨ੍ਹਾਂ ਦਿਨਾਂ ਵਿੱਚ ਇੱਕ ਹੀ ਡਾਕਟਰ ਹੈ। ਇਹ ਹਸਪਤਾਲ ਤਰਸ ਦਾ ਪਾਤਰ ਬਣ ਗਿਆ ਹੈ, ਜਦੋਂ ਕਿ ਇਹ ਪੰਜਾਬ ਦੇ ਨੰਬਰ-1 ਹਸਪਤਾਲਾਂ ਵਿੱਚ ਗਿਣਿਆ ਜਾਂਦਾ ਹੈ। ਵੜਿੰਗ ਨੇ ਕਿਹਾ ਕਿ ਇਹ ਹਸਪਤਾਲ ਕਬੂਤਰਾਂ ਦਾ ਘਰ ਬਣਦਾ ਜਾ ਰਿਹਾ ਹੈ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਵਿੱਚ ਦੱਸਿਆ ਹੈ ਕਿ ਜਲੰਧਰ ਤੋਂ ਗਗਰੇਟ ਸੜਕ ਦੀ ਮੁਰੰਮਤ ਦੇ ਲਈ 13 ਕਰੋੜ 74 ਲੱਖ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ।

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ 2021-22 ਵਿੱਚ 33 ਅਰਬ,30 ਕਰੋੜ,80 ਲੱਖ,14480 ਰੁਪਏ ਦੀ ਕੁੱਲ ਆਮਦਨ ਹੋਈ ਸੀ ਜਦੋਂ ਕਿ 2022 ਤੋਂ 28 ਫਰਵਰੀ 2023 ਤੱਕ 35 ਅਰਬ 34 ਕਰੋੜ 42 ਲੱਖ 47578 ਰੁਪਏ ਹੋ ਗਈ ਹੈ। ਇਸ ਗੱਲ ‘ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੋ ਦਾਅਵੇ ਕੈਬਨਿਟ ਮੰਤਰੀ ਜਿੰਪਾ ਨੇ ਪੇਸ਼ ਕੀਤੇ ਹਨ,ਉਹਨਾਂ ਵਿੱਚ ਵਾਧਾ ਕਲੈਕਟਰ ਰੇਟ ਵਧਾਉਣ ਨਾਲ ਹੋਇਆ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਵਿੱਚ ਲਤੀਫਪੁਰਾ ਮਾਮਲੇ ਨੂੰ ਚੁੱਕਿਆ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸ਼ੁਰੂ ਹੋਈ ਵਿਧਾਨ ਸਭਾ ਦਾ ਬੈਠਕ ਵਿੱਚ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਦੇ ਗੈਰਹਾਜ਼ਰ ਹੋਣ ਦਾ ਨੋਟਿਸ ਲਿਆ ਤੇ ਅਪੀਲ ਕੀਤੀ ਕਿ ਖਾਸ ਤੌਰ ‘ਤੇ ਪ੍ਰਸ਼ਨ ਕਾਲ ਦੇ ਦੌਰਾਨ ਸਾਰਿਆਂ ਦਾ ਹਾਜ਼ਰ ਰਹਿਣਾ ਬਹੁਤ ਜਰੂਰੀ ਹੈ ਤੇ ਜੇਕਰ ਕੋਈ ਜਰੂਰੀ ਕੰਮ ਵੀ ਆ ਜਾਂਦਾ ਹੈ ਤਾਂ ਕਿਸੇ ਹੋਰ ਮੰਤਰੀ ਨੂੰ authorised ਕਰ ਦਿਆ ਕਰਨ। ਅੱਜ ਪ੍ਰਸ਼ਨ ਕਾਲ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ,ਵਿਧਾਇਕ ਚੇਤਨ ਸਿੰਘ ਜੋੜਾਮਾਜਰਾ, ਬਲਕਾਰ ਸਿੰਘ ਸਿੱਧੂ,ਗੁਰਲਾਲ ਸਿੰਘ ਘਨੌਰ ਸਣੇ ਕਈ ਮੰਤਰੀ ਤੇ ਵਿਧਾਇਕ ਗੈਰਹਾਜ਼ਰ ਸਨ।

ਮੈਡੀਕਲ ਸਿੱਖਿਆ ਮੰਤਰੀ ਡਾ.ਬਲਬੀਰ ਸਿੰਘ ਨੇ ਵਿਧਾਨ ਸਭਾ ਵਿੱਚ ਇਹ ਦੱਸਿਆ ਹੈ ਕਿ ਮੋਗਾ ਵਿੱਖੇ ਮੈਡੀਕਲ ਕਾਲਜ ਲਈ ਪਿੰਡ ਸਿੰਘ ਵਾਲਾ ਨੇ 25 ਏਕੜ ਜ਼ਮੀਨ ਦੇ ਦਿੱਤੀ ਹੈ ਤੇ ਪੰਚਾਇਤ ਨੇ ਇਸ ਸੰਬੰਧ ਵਿੱਚ ਮਤਾ ਪਕਾ ਕੇ ਤੇ ਇਸ ਦਾ ਪ੍ਰਸਤਾਵ ਬਣਾ ਕੇ ਭੇਜ ਦਿੱਤਾ ਹੈ।

ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਗੁਰਦਾਸਪੁਰ ਤੇ ਗਿੱਦੜਬਾਹਾ ਹਲਕੇ ਵਿੱਚ ਧਿਆਨ ਦੇਣ ਲਈ ਸਰਕਾਰ ਨੂੰ ਕਿਹਾ। ਇਸ ਦੌਰਾਨ ਰਾਜਾ ਬੜਿੰਗ ਦੇ ਸਵਾਲਾਂ ਦਾ ਜੁਆਬ ਦਿੰਦੇ ਹੋਏ ਮੈਡੀਕਲ ਸੇਵਾਵਾਂ ਮੰਤਰੀ ਬਲਬੀਰ ਸਿੰਘ ਨੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਗਿਣਵਾਈਆਂ।

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ‘ਤੇ ਕੈਮਰਾ ਨਾ ਮਾਰੇ ਜਾਣ ਦਾ ਵਿਰੋਧ ਕੀਤਾ। ਜਿਸ ਦੌਰਾਨ ਰਾਜਾ ਬੜਿੰਗ ਨੇ ਵੀ ਉਹਨਾਂ ਦਾ ਸਾਥ ਦਿੱਤਾ।

ਪੰਜਾਬ ਵਿੱਚ ਲੰਪੀ ਸਕਿਨ ਬੀਮਾਰੀ ਨਾਲ ਸੰਬੰਧਿਤ ਸਵਾਲ ਪੁੱਛੇ ਜਾਣ ‘ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ 15 ਫਰਵਰੀ ਤੋਂ ਇਸ ਸੰਬੰਧ ਵਿੱਚ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ ਤੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ।

ਇਸ ਤੋਂ ਬਾਅਦ ਰਾਜਪਾਲ ਦੇ ਭਾਸ਼ਨ ਧੰਨਵਾਦੀ ਮਤਾ ਲਿਆਂਦਾ ਗਿਆ ਤੇ ਉਸ ਤੇ ਬਹਿਸ ਸ਼ੁਰੂ ਹੋ ਗਈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਾਕਤਵਰ ਲੋਕਾਂ ਕੋਲ ਸਰਕਾਰੀ ਜਮੀਨਾਂ ‘ਤੇ ਕੀਤੇ ਕਬਜੇ ਦੀ ਗੱਲ ਕਰਦਿਆਂ ਕਿਹਾ ਹੈ ਕਿ ਰਾਜੇਸ਼ ਮਿੱਤਲ ਜੋ ਕਿ ਆਮ ਆਦਮੀ ਪਾਰਟੀ ਦੇ ਐਮਪੀ ਵੀ ਹਨ, ਵੱਲੋਂ 13 ਏਕੜ ਦੇ ਕਰੀਬ ਕੀਮਤ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਗਿਆ ਹੈ ਤੇ ਇਹ ਜ਼ਮੀਨ ਵੀ ਯੂਨੀਵਰਸਿਟੀ ਦੇ ਅੰਦਰ ਹੀ ਹੈ,ਜੋ ਕਿ ਆਲੇ ਦੁਆਲੇ ਦੇ ਪਿੰਡਾਂ ਦੀ ਹੈ।

ਇਸ ਤੋਂ ਬਾਅਦ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪ੍ਰੈਸ ਦੀ ਆਜ਼ਾਦੀ ਦਾ ਮਸਲਾ ਵੀ ਵਿਧਾਨ ਸਭਾ ਵਿੱਚ ਚੁੱਕਿਆ ਤੇ ਕਿਹਾ ਕਿ ਲੋਕੰਤਤਰ ਦਾ ਚੌਥਾ ਥੰਮ ਮੀਡੀਆ ਹੈ । ਉਹਨਾਂ ਨੇ ਸਰਕਾਰ ਵੱਲੋਂ ਅਖਬਾਰ ਨੂੰ ਇਸ਼ਤਿਹਾਰ ਦੇਣ ਤੇ ਵਿਧਾਨ ਸਭਾ ਵਿੱਚ ਉਹਨਾਂ ਦੇ ਆਉਣ ਤੇ ਰੋਕ ਲਾਉਣ ਸੰਬੰਧ ਵਿੱਚ ਸਖ਼ਤ ਇਤਰਾਜ਼ ਜਤਾਇਆ ਹੈ। ਉਹਨਾਂ ਵੱਲੋਂ ਚੁੱਕੇ ਗਏ ਸਵਾਲ ਦੇ ਜੁਆਬ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਹੈ ਕਿ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿੱਚ ਅਜੀਤ ਅਖਬਾਰ ਦੇ ਦੋ ਨੁਮਾਇੰਦਿਆਂ ਹਰਕਮਲਜੀਤ ਸਿੰਘ ਤੇ ਵਿਕਰਮਜੀਤ ਸਿੰਘ ਮਾਨ ਤੇ ਪੀਟੀਸੀ ਚੈਨਲ ਲਈ ਵੀ ਦੋ-ਦੋ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਵਿੱਚੋਂ ਲੰਘ ਰਹੇ ਦੋ ਹਾਈਵੇਅ ,ਜੋ ਕਿ ਕੇਂਦਰ ਸਰਕਾਰ ਦੇ ਪ੍ਰੌਜੈਕਟ ਹਨ, ਬਾਰੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਕੁਆਇਰ ਕੀਤੇ ਜਾਣ ਦਾ ਮੁੱਦਾ ਚੁੱਕਿਆ ਤੇ ਕਿਹਾ ਹੈ ਕਿ ਇਕੋ ਪਿੰਡ ਵਿੱਚ ਅਲੱਗ-ਅਲੱਗ ਰੇਟ ਤੈਅ ਕੀਤੇ ਗਏ ਹਨ ਤੇ ਇਸ ਸੰਬੰਧ ਵਿੱਚ ਹਾਲੇ ਤੱਕ ਕੋਈ ਵੀ ਸਥਿਤੀ ਸਾਫ ਨਹੀਂ ਹੈ।

ਵਿਧਾਨ ਸਭਾ ਦੀ ਚੱਲ ਰਹੀ ਕਾਰਵਾਈ ਦੇ ਦੌਰਾਨ ਕੁੱਝ-ਹਲਕੇ ਫੁਲਕੇ ਪਲ ਵੀ ਆਏ ਜਦੋਂ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੀ ਗੱਲ ਰਖੀ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵੀ ਉਸੇ ਅੰਦਾਜ਼ ਵਿੱਚ ਗੱਲਬਾਤ ਵਿੱਚ ਸ਼ਾਮਲ ਹੋ ਗਏ ਤੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਇਸ ਦਾ ਜੁਆਬ ਉਸੇ ਅੰਦਾਜ਼ ਵਿੱਚ ਦਿੱਤਾ। ਹਲਕੇ ਫੁਲਕੇ ਅੰਦਾਜ਼ ਤੋਂ ਸ਼ੁਰੂ ਕਰ ਕੇ ਗੰਭੀਰ ਮੁੱਦਿਆਂ ਤੇ ਆਏ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਕੱਟੇ ਗਏ ਰਾਸ਼ਨ ਕਾਰਡਾਂ ‘ਤੇ ਸਵਾਲ ਉਠਾਇਆ ।

 

ਕਾਰਜਕਾਰੀ ਕਮੇਟੀ ਦੀ ਪਹਿਲੀ ਰਿਪੋਰਟ ਵਿਧਾਨ ਸਭਾ ਵਿੱਚ ਹੋਈ ਪੇਸ਼ 

ਇਸ ਤੋਂ ਕੁੱਝ ਸਮੇਂ ਬਾਅਦ ਕਾਰਜਕਾਰੀ ਕਮੇਟੀ ਦੀ ਪਹਿਲੀ ਰਿਪੋਰਟ ਵਿਧਾਨ ਸਭਾ ਵਿੱਚ ਰੱਖੀ ਗਈ ਤੇ 22 ਮਾਰਚ ਤੱਕ ਵਿਧਾਨ ਸਭਾ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਬਿਊਰਾ ਪੇਸ਼ ਕੀਤਾ ਗਿਆ । ਇਸ ਅਨੁਸਾਰ ਅੱਜ 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਹੋਈ ਹੈਤੇ ਇਸ ਨੂੰ ਅਗਲੇ ਦਿਨ 7 ਮਾਰਚ ਨੂੰ ਵੀ ਜਾਰੀ ਰੱਖਿਆ ਜਾਵੇਗਾ ਤੇ ਇਸੇ ਦਿਨ ਇਸ ਦੀ ਸਮਾਪਤੀ ਹੋਵੇਗੀ। ਇਸੇ ਦਿਨ ਸਾਲ 2015 ਤੋਂ ਲੈ ਕੇ 2019 ਤੱਕ ਗ੍ਰਾਟਾਂ ਤੇ ਵਾਧੂ ਮੰਗਾਂ ਪੇਸ਼ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ ਸਾਲ 2021 ਤੇ 22 ਲਈ ਭਾਰਤ ਦੇ ਆਡੀਟਰ ਜਰਨਲ ਦੀਆਂ ਆਡਿਟ ਰਿਪੋਰਟਾਂ ਦੇ ਲੇਖੇ,ਸਾਲ 2023 ਲਈ ਗਰਾਂਟਾਂ ਲਈ ਮੰਗਾਂ ਪੇਸ਼ ਕਰਨਾ ਤੇ ਹੋਰ ਵਿਧਾਨਕ ਕੰਮ ਕੀਤੇ ਜਾਣਗੇ। ਬੁੱਧਵਾਰ ਨੂੰ ਛੁੱਟੀ ਰਹੇਗੀ।

ਵੀਰਵਾਰ ਨੂੰ ਗੈਰ ਸਰਕਾਰੀ ਕੰਮ ਕੀਤੇ ਜਾਣਗੇ ਤੇ ਸ਼ੁਕਰਵਾਰ 10 ਮਾਰਚ ਨੂੰ ਸਵੇਰੇ 10 ਵਜੇ ਬਜਟ ਅਨੁਮਾਨ ਪੇਸ਼ ਕੀਤਾ ਜਾਵੇਗਾ,ਜਿਸ ਤੇ ਸ਼ਨੀਵਾਰ 11 ਮਾਰਚ ਨੂੰ ਬਹਿਸ ਹੋਵੇਗੀ,ਜੋ ਕਿ ਉਸੇ ਦਿਨ ਸਮਾਪਤ ਹੋਵੇਗੀ।ਇਸ ਤੋਂ ਇਲਾਵਾ ਸਾਲ 2023-24 ਲਈ ਬਜਟ ਅਨੁਮਾਨਾਂ ਤੇ ਮੰਗਾਂ ਲਈ ਬਹਿਸ ਤੇ ਵੋਟਿੰਗ ਵੀ ਕੀਤੀ ਜਾਵੇਗੀ।

ਸੋਮਵਾਰ 13 ਮਾਰਚ ਤੋਂ ਲੈ ਕੇ 17 ਮਾਰਚ ਤੱਕ ਖਾਲੀ ਦਿਨ ਰਹਿਣਗੇ ਤੇ ਦੋ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਤੇ ਮੰਗਲਵਾਰ 20 ਤੇ 21 ਮਾਰਚ ਵੀ ਖਾਲੀ ਦਿਨ ਰਹਿਣਗੇ। ਬੁੱਧਵਾਰ 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਲਈ ਚੁਣੀਆਂ ਜਾਣ ਵਾਲੀਆਂ ਕਮੇਟੀਆਂ ਦੇ ਗਠਨ ਲਈ ਪ੍ਰਸਤਾਵ ਪੇਸ਼ ਕੀਤਾ ਜਾਵੇਗਾ।ਇਸ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਰਿਪੋਰਟ ਨਾਲ ਸਹਿਮਤ ਹੋਣ ਦਾ ਐਲਾਨ ਕੀਤਾ ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਰਿਪੋਰਟ ਤੋਂ ਬਾਅਦ ਵਿਧਾਨ ਸਭਾ ਵਿੱਚ ਕਿਹਾ ਕਿ ਇਹ ਵਿਧਾਨ ਸਭਾ ਸੈਸ਼ਨ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਇਜਲਾਸ ਹੈ। ਜਿਸ ਲਈ ਸਿਰਫ਼ 7 ਬੈਠਕਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਜਦੋਂ ਕਿ ਕਾਂਗਰਸ ਦੇ ਪੇਸ਼ ਕੀਤੇ ਬਜਟ ਇਜਲਾਸ ਵਿੱਚ 14 ਬੈਠਕਾਂ ਹੋਈਆਂ ਸਨ। ਬਤੌਰ ਵਿਰੋਧੀ ਪਾਰਟੀ ਆਪ ਨੇ ਵੀ ਵੱਡੇ ਸੈਸ਼ਨਾਂ ਦੀ ਮੰਗ ਕੀਤੀ ਸੀ ਤੇ ਕਿਹਾ ਕਿ ਇਹ ਜਰੂਰੀ ਵੀ ਸੀ ਤਾਂ ਜੋ ਹਰ ਕੋਈ ਆਪਣੀ ਗੱਲ ਰਖ ਸਕੇ। ਪਰ ਹੁਣ ਇਸ ਸੈਸ਼ਨ ਵਿੱਚ ਬੈਠਕਾਂ ਵਧਾਉਣ ਦੀ ਬਜਾਇ ਇਹਨਾਂ ਨੂੰ ਘਟਾ ਦਿੱਤਾ ਗਿਆ ਹੈ। ਨਸ਼ਿਆਂ ਦੇ ਮਾਮਲੇ ‘ਤੇ ਹੀ ਇੱਕ ਬੈਠਕ ਚਾਹਿਦੀ ਹੈ। ਇਸ ਤੋਂ ਇਲਾਵਾ ਬੇਅਦਬੀ ਮਾਮਲੇ ਵਿੱਚ ਚੰਗੀ ਬਹਿਸ ਦੀ ਮੰਗ ਵੀ ਖਹਿਰਾ ਨੇ ਕੀਤੀ ਹੈ। ਖਹਿਰਾ ਨੇ ਵਿਰੋਧੀ ਧਿਰ ਵੱਲ ਕੈਮਰੇ ਨਾਲ ਸਹੀ ਤਰਾਂ ਨਾਲ ਕਵਰੇਜ ਨਾ ਕੀਤੇ ਜਾਣ ਤੇ ਵੀ ਸਵਾਲ ਉਠਾਇਆ ਹੈ।

ਪ੍ਰਿੰਸੀਪਾਲ ਬੁੱਧ ਰਾਮ ਵੱਲੋਂ ਆਪਣੀ ਗੱਲ ਵਿਧਾਨ ਸਭਾ ਵਿੱਚ ਰੱਖੇ ਜਾਣ ਤੋਂ ਬਾਅਦ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਧ ਬਾਜਵਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਰਮਿਆਨ ਸ਼ੁਰੂ ਹੋਈ ਬਹਿਸ ਹੋਰ ਵੀ ਵੱਡਾ ਰੂਪ ਅਖਤਿਆਰ ਕਰ ਗਈ, ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਹੰਗਾਮਾਂ ਸ਼ੁਰੂ ਹੋ ਗਿਆ ,ਜੋ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਦੁਬਾਰਾ ਸ਼ੁਰੂ ਹੋਏ ਸੈਸ਼ਨ ਵਿੱਚ ਵੀ ਚੱਲਦਾ ਰਿਹਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁੱਖ ਮੰਤਰੀ ਕੋਲੋਂ ਮੁਆਫੀ ਮੰਗਵਾਉਣ ਦੀ ਗੱਲ ਤੇ ਅੜੇ ਰਹੇ,ਜਿਸ ਤੋਂ ਬਾਅਦ ਤਿੰਨ ਵਜੇ ਤੱਕ ਲਈ ਇਹ ਬੈਠਕ ਸਥਗਿਤ ਕੀ ਦਿੱਤੀ ਗਈ।

ਵਿਰੋਧੀ ਧਿਰ ਦੀ ਗੈਰ ਹਾਜ਼ਰੀ ਵਿੱਚ ਹੀ ਸ਼ੁਰੂ ਹੋਈ ਬੈਠਕ ਦੀ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਸ਼ੁਰੂਆਤ ਕੀਤੀ। ਦੁਪਹਿਰ ਵੇਲੇ ਦੁਬਾਰਾ ਸ਼ੁਰੂ ਹੋਈ ਬੈਠਕ ਵਿੱਚ ਡਾ. ਸੁਖਵਿੰਦਰ ਸਿੰਘ ਸੁਖੀ ਨੇ ਸਿਹਤ ਕੇਂਦਰਾਂ ਤੋਂ ਮੁਹੱਲਾ ਕਲੀਨਿਕਾਂ ‘ਤੇ ਲਾਏ ਗਏ ਕਰਮਚਾਰੀਆਂ ਦਾ ਮੁੱਦਾ ਉਠਾਇਆ ਗਿਆ। ਬੰਦੀ ਸਿੰਘਾਂ ਦੀ ਰਿਹਾਈ ‘ਤੇ ਵੀ ਡਾ. ਸੁਖੀ ਨੇ ਕਿਹਾ ਹੈ ਕਿ ਗੰਭੀਰ ਅਪਰਾਧਾਂ ਵਾਲੇ ਅਪਰਾਧੀ ਛੁੱਟ ਗਏ ਹਨ ਪਰ ਜੋ ਆਪਣੀ ਸਜ਼ਾ ਤੋਂ ਵੀ ਜਿਆਦਾ ਭੁਗਤ ਚੁੱਕੇ ਹਨ,ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਕਾਲੀ ਦਲ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਇਹ ਆਪ ਦੀ ਹੀ ਸੋਚ ਸੀ ਕਿ ਸਰਕਾਰੀ ਦਫਤਰਾਂ ਵਿੱਚ ਹੁਣ ਭਗਤ ਸਿੰਘ ਦੇ ਨਾਲ ਨਾਲ ਡਾ.ਅੰਬੇਡਕਰ ਦੀ ਫੋਟੋ ਵੀ ਲੱਗੀ ਹੈ ਪਰ ਅਕਾਲੀ ਸਰਕਾਰ ਵੇਲੇ ਸਿਰਫ ਬਾਦਲਾਂ ਦੀਆਂ ਹੀ ਫੋਟੋ ਲਗਦੀਆਂ ਰਹੀਆਂ ਹਨ।

ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਆਪ ਦੇ ਵਿਧਾਇਕਾਂ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨੇ ਜਾਰੀ ਰਖੇ ਹਾਲਾਂਕਿ ਵਿਰੋਧੀ ਧਿਰ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਮਾਫ਼ੀ ਦੀ ਮੰਗ ਨੂੰ ਲੈ ਕੇ ਅੜੀ ਰਹੀ। ਜਿਸ ਨੂੰ ਲੈ ਕੇ ਉਹਨਾਂ ਵਿਧਾਨ ਸਭਾ ‘ਚੋਂ ਸਭਾ ਤੋਂ ਵਾਕਆਊਟ ਪਹਿਲਾਂ ਹੀ ਕਰ ਦਿੱਤਾ ਸੀ ਤੇ ਮਾਫ਼ੀ ਨਾ ਮੰਗੇ ਜਾਣ ਤੱਕ ਵਿਧਾਨ ਸਭਾ ਤੋਂ ਬਾਹਰ ਰਹਿਣ ਦੀ ਗੱਲ ਵੀ ਉਹਨਾਂ ਕੀਤੀ ਸੀ।