Punjab

ਇਨਵੈਸਟਮੈਂਟ ਮੀਟ ਦਾ ਆਖਰੀ ਦਿਨ,ਮਾਨ ਨੇ ਪੰਜਾਬ ਆਉਣ ਦੇ ਲਈ ਸਾਰਿਆਂ ਦਾ ਕੀਤਾ ਧੰਨਵਾਦ

ਮੁਹਾਲੀ : ਪੰਜਾਬ ਦੇ ਮੁਹਾਲੀ ਸ਼ਹਿਰ ਵਿੱਚ ਚੱਲ ਰਹੀ ਇਨਵੈਸਟਮੈਂਟ ਮੀਟ ਦੇ ਦੂਸਰੇ ਤੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਆਉਣ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਇਸ ਮੀਟ ਵਿੱਚ ਛੋਟੇ ਉਦਯੋਗਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਕਿਉਂਕਿ MSME ਸਾਰੀ ਤਰੱਕੀ ਦਾ ਆਧਾਰ ਹੈ।

ਮਾਨ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਹ ਸਮੀਟ MOU ਸਾਈਨ ਕਰਨ ਲਈ ਨਹੀਂ ਹੈ ਸਗੋਂ ਇਸ ਦਾ ਨਾਂ MODS ਰੱਖ ਲੈਣਾ ਚਾਹੀਦਾ ਹੈ,ਮਤਲਬ ਮੈਮੋਰੰਡਮ ਆਫ ਦਿਲ ਸੇ ਕਿਉਂਕਿ ਇਹ
ਦਿਲ ਦਾ ਮੈਮੋਰੰਡਮ ਹੈ। ਇਥੇ ਆਉਣ ਲਈ ਕਿਸੇ ਨਾਲ ਧੱਕਾ ਨਹੀਂ ਕੀਤਾ ਗਿਆ ਹੈ,ਸਾਰੇ ਖੁੱਦ ਆਪ ਆ ਕੇ ਪੰਜਾਬ ਨੂੰ ਦੇਖ ਰਹੇ ਹਨ।
ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਹੈ ਕਿ ਪੰਜਾਬ ਆਪਣੀ ਦੋਸਤੀ ਨਿਭਾਉਣ ਲਈ ਮਸ਼ਹੂਰ ਹੈ।ਪੰਜਾਬੀਆਂ ਦੀ ਦੋਸਤੀ ਵਿੱਚ ਜ਼ਮਾਨਤ ਨਹੀਂ ਹੁੰਦੀ। ਉਹਨਾਂ ਪੰਜਾਬੀਆਂ ਦੀ ਖੁਲਦਿਲੀ ਦੀ ਤਾਰੀਫ ਕਰਦਿਆਂ ਕਿਹਾ ਕਿ ਕੁਦਰਤ ਨੇ ਪੰਜਾਬ ਨੂੰ ਸਭ ਕੁੱਝ ਦਿੱਤਾ ਹੈ। ਇਥੇ ਹਰ ਤਰਾਂ ਦਾ ਮੌਸਮ ਆਉਂਦਾ ਹੈ।ਪੰਜਾਬ ਦੇ ਪਿੰਡਾਂ ਬਹੁਤ ਸੋਹਣੇ ਹਨ ਤੇ ਮਾਨ ਨੇ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਦੇਖਣ ਤੇ ਜਾਣ ਦੀ ਵੀ ਅਪੀਲ ਕੀਤੀ ਹੈ ।

ਮੀਟ ਵਿੱਚ ਆਏ ਲੋਕਾਂ ਦਾ ਮਾਨ ਨੇ ਪੰਜਾਬ ਲਈ ਦਿਲਚਸਪੀ ਦਿਖਾਏ ਜਾਣ ਤੇ ਧੰਨਵਾਦ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਪੰਜਾਬ ਕਈ ਖੇਤਰਾਂ ਵਿੱਚ ਇੰਡਸਟਰੀ ਦਾ ਕੇਂਦਰ ਬਣਦਾ ਜਾ ਰਿਹਾ ਹੈ।
ਆਉਣ ਵਾਲੇ ਸਮੇਂ ਵਿੱਚ ਥੋੜੇ-ਥੋੜੇ ਅੰਤਰਾਲ ਨਾਲ ਸਰਕਾਰ ਵੱਲੋਂ ਜਾਂਚਿਆ ਜਾਵੇਗਾ ਕਿ ਹਾਲਾਤ ਕੀ ਹਨ ਤੇ ਕਿਥੇ ਹੋਰ ਮਦਦ ਦੀ ਲੋੜ ਹੈ ?

ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਮੈਡੀਕਲ ਟੂਰਿਸਮ ਦਾ ਵੀ ਕੇਂਦਰ ਹੈ ਤੇ ਪੰਜਾਬ ਵਿੱਚ 16 ਮੈਡੀਕਲ ਕਾਲਜ ਹੋਰ ਬਣਾਏ ਜਾਣਗੇ।ਪੰਜਾਬ ਵਿਚ ਇੰਡਸਟਰੀ ਆਉਣ ਨਾਲ ਨਸ਼ਿਆਂ ਵੱਲ ਧਿਆਨ ਘਟੇਗਾ ਤੇ ਬੇਰੁਜ਼ਗਾਰੀ ਖ਼ਤਮ ਹੋਵੇਗੀ। ਸਰਕਾਰ ਹੌਲੀ-ਹੌਲੀ ਈ ਗਵਰਨੈਂਸ ਵੱਲ ਵੱਧ ਰਹੀ ਹੈ ਤੇ ਬਹੁਤ ਸਾਰੀਆਂ ਸੁਵਿਧਾਵਾਂ ਹੁਣ ਓਨਲਾਈਨ ਮਿਲ ਰਹੀਆਂ ਹਨ।
ਮਾਨ ਨੇ ਸਰਕਾਰ ਦੀਆ ਹੋਰ ਕਈ ਪ੍ਰਾਪਤੀਆਂ ਗਿਣਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੋਕ ਇਹਨਾਂ ਪ੍ਰਾਪਤੀਆਂ ਤੋਂ ਬਹੁਤ ਖੁਸ਼ ਹਨ। ਮਾਨ ਨੇ ਆਪਣੇ ਸੰਬੋਧਨ ਦੇ ਆਖਰ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਦੇਸ਼ ਜਾ ਕੇ ਪੰਜਾਬ ਬਾਰੇ ਦੱਸਣ।