India Punjab

ਪੰਜਾਬ ਦੀ ਇਸ ਸਰਕਾਰੀ ਪੋਸਟ ‘ਤੇ ‘ਅੱਧੇ ਅੰਦਰ ਦੇ, ਅੱਧੇ ਬਾਹਰ ਦੇ’

‘ਦ ਖ਼ਾਲਸ ਬਿਊਰੋ : ਰਾਜਸਥਾਨ ਸਮੇਤ ਹਰਿਆਣਾ ਨੇ ਤਾਂ ਆਪਣੇ ਪਸ਼ੂ ਪਾਲਣ ਮਹਿਕਮੇ ’ਚ ਵੈਟਰਨਰੀ ਇੰਸਪੈਕਟਰ ਭਰਤੀ ਕਰਨ ਲਈ ਬਾਹਰੀ ਭਰਤੀ ਉੱਤੇ ਰੋਕ ਲਾਈ ਹੋਈ ਹੈ ਪਰ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੂਬਿਆਂ ਦੇ ਨੌਜਵਾਨਾਂ ਨੂੰ ਖੁੱਲ੍ਹ ਦਿੱਤੀ ਗਈ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਜਿਨ੍ਹਾਂ 68 ਵੈਟਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ, ਉਨ੍ਹਾਂ ਵਿੱਚੋਂ ਅੱਧੇ ਸੂਬੇ ਤੋਂ ਬਾਹਰਲੇ ਹਨ। ਇਨ੍ਹਾਂ 68 ਵੈਟਨਰੀ ਇੰਸਪੈਕਟਰਾਂ ਵਿਚੋਂ 23 ਹਰਿਆਣਾ ਤੋਂ ਹਨ ਅਤੇ 11 ਨਿਯੁਕਤੀਆਂ ਰਾਜਸਥਾਨ ਤੋਂ ਹੋਈਆਂ ਹਨ। ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਇੱਕ ਲਿਸਟ ਮੁਤਾਬਕ 34 ਵੈਟਨਰੀ ਇੰਸਪੈਕਟਰ ਪੰਜਾਬ ਤੋਂ ਹਨ ਤੇ 34 ਬਾਹਰ ਤੋਂ ਹਨ। ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਕ ਸਮਾਗਮ ਵਿਚ ਨਵ-ਨਿਯੁਕਤ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੂਚੀ

ਵੇਰਵਿਆਂ ਮੁਤਾਬਕ ਇਨ੍ਹਾਂ 68 ਵੈਟਰਨਰੀ ਇੰਸਪੈਕਟਰਾਂ ਵਿਚੋਂ 34 ਵੈਟਰਨਰੀ ਇੰਸਪੈਕਟਰ ਹਰਿਆਣਾ ਅਤੇ ਰਾਜਸਥਾਨ ਦੇ ਵਾਸੀ ਹਨ। ਪਸ਼ੂ ਪਾਲਣ ਵਿਭਾਗ ਨੇ 866 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਜੁਲਾਈ 2021 ਵਿਚ ਇਸ਼ਤਿਹਾਰ ਦਿੱਤਾ ਸੀ। ਹੁਣ ਤੱਕ 611 ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਹਾਲ ਹੀ ਵਿਚ ਦੋ ਪੜਾਵਾਂ ਵਿਚ 128 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਿਨ੍ਹਾਂ ਵਿਚ 60 ਵੈਟਰਨਰੀ ਇੰਸਪੈਕਟਰ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਹਨ।