‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਵਿਸ਼ਵ ਪ੍ਰਸਿੱਧ ਕਾਰ ਕੰਪਨੀ ਬੀਐੱਮਡਬਲਿਊ ਨੇ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਕਾਰਾਂ ਦੇ ਹਿੱਸੇ / ਪੁਰਜਿਆਂ (Parts) ਨਾਲ ਸਬੰਧਿਤ ਯੂਨਿਟ ਲਗਾਉਣ ਲਈ ਹਾਮੀ ਭਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਐੱਮਡਬਲਿਊ ਦੇ ਹੈੱਡ ਦਫ਼ਤਰ ਵਿਖੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਵੱਡੇ ਨਿਵੇਸ਼ ਦੇ ਮਕਸਦ ਲਈ ਜਰਮਨੀ ਦੌਰੇ ਉੱਤੇ ਗਏ ਹੋਏ ਹਨ। ਮੁੱਖ ਮੰਤਰੀ ਮਾਨ ਦੇ ਇਨ੍ਹਾਂ ਯਤਨਾਂ ਨੂੰ ਉਦੋਂ ਬੂਰ ਪਿਆ ਜਦੋਂ ਮੋਹਰੀ ਆਟੋ ਕੰਪਨੀ ਬੀ.ਐਮ.ਡਬਲਯੂ ਪੰਜਾਬ ਵਿੱਚ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ।

ਮੁੱਖ ਮੰਤਰੀ ਨੇ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੇ ਮਿਸਾਲੀ ਕੰਮਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਬੀ.ਐਮ.ਡਬਲਯੂ ਨੇ ਸੂਬੇ ਵਿੱਚ ਆਪਣੀ ਆਟੋ ਕੰਪੋਨੈਂਟ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਖੁਸ਼ ਹੋ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਭਾਰਤ ਵਿੱਚ ਕੰਪਨੀ ਦੀ ਦੂਜੀ ਯੂਨਿਟ ਹੋਵੇਗੀ ਕਿਉਂਕਿ ਪਹਿਲਾਂ ਹੀ ਅਜਿਹੀ ਇੱਕ ਯੂਨਿਟ ਚੇਨਈ ਵਿੱਚ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ।

ਮੁੱਖ ਮੰਤਰੀ ਮਾਨ ਨੇ ਬੀ.ਐਮ.ਡਬਲਯੂ ਨੂੰ ਈ-ਮੋਬਿਲਿਟੀ ਸੈਕਟਰ ਵਿੱਚ ਸੂਬੇ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਈ-ਮੋਬਿਲਿਟੀ ਕੰਪਨੀ ਲਈ ਧਿਆਨ ਦਾ ਇੱਕ ਪ੍ਰਮੁੱਖ ਖੇਤਰ ਹੈ ਅਤੇ ਬੋਰਡ ਆਫ਼ ਮੈਨੇਜਮੈਂਟ, ਬੀ.ਐਮ.ਡਬਲਯੂ ਏ.ਜੀ, ਉਲੀਵਰ ਜ਼ਿਪਸੇ 2030 ਤੱਕ ਇਲੈਕਟ੍ਰਿਕ ਵਾਹਨਾਂ ਨੂੰ ਆਪਣੀ ਗਲੋਬਲ ਵਿਕਰੀ ਦਾ 50 ਫੀਸਦੀ ਕਰਨ ਦਾ ਟੀਚਾ ਰੱਖਦੀ ਹੈ। ਭਗਵੰਤ ਮਾਨ ਨੇ ਅਮਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਅਫਰੀਕਾ ਵਿੱਚ ਬੀ.ਐਮ.ਡਬਲਯੂ ਗਰੁੱਪ ਦੀਆਂ ਸੰਸਥਾਵਾਂ ਲਈ ਸਰਕਾਰੀ ਮਾਮਲਿਆਂ ਅਤੇ ਮਾਰਕੀਟਿੰਗ ਸੰਚਾਰ ਦੇ ਮੀਤ ਪ੍ਰਧਾਨ ਗਲੇਨ ਸਮਿੱਟ, ਸੰਚਾਰ ਅਤੇ ਸਰਕਾਰੀ ਮਾਮਲਿਆਂ ਦੇ ਮੁਖੀ ਏਸ਼ੀਆ ਅਤੇ ਪ੍ਰਸ਼ਾਂਤ ਮੈਨਫ੍ਰੇਡ ਗਰੁਨੇਰਟ ਅਤੇ ਕਾਰਪੋਰੇਟ ਅਤੇ ਸਰਕਾਰੀ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਬੀ.ਐਮ.ਡਬਲਿਊ. ਡਾ. ਜੋਆਚਿਮ ਡੋਮੋਸਕੀ ਨਾਲ ਗੱਲਬਾਤ ਦੌਰਾਨ ਟਿਕਾਊ ਭਵਿੱਖ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਹਾਲ ਹੀ ਵਿੱਚ ਪ੍ਰਵਾਨ ਕੀਤੀ ਇਲੈਕਟ੍ਰਿਕ ਵਹੀਕਲ ਪਾਲਿਸੀ ‘ਤੇ ਸਖ਼ਤ ਮਿਹਨਤ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਈਵੀ ਨੀਤੀ ਤੋਂ ਪੰਜਾਬ ਵਿੱਚ ਈ-ਮੋਬਿਲਿਟੀ ਸੈਕਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ। ਉਨ੍ਹਾਂ ਬੀ.ਐਮ.ਡਬਲਿਊ. ਟੀਮ ਨੂੰ ਇਹ ਵੀ ਦੱਸਿਆ ਕਿ ਕਿਵੇਂ ਰਾਜ ਇੱਕ ਉਦਯੋਗ ਪੱਖੀ ਵਾਤਾਵਰਣ ਬਣਾਉਣ ਵਿੱਚ ਸਫਲ ਹੋਇਆ ਹੈ ਅਤੇ ਗਲੋਬਲ ਬ੍ਰਾਂਡਾਂ ਅਤੇ ਸੰਸਥਾਵਾਂ ਲਈ ਭਾਰਤ ਵਿੱਚ ਨਿਵੇਸ਼ ਦੇ ਤਰਜੀਹੀ ਸਥਾਨ ਵਜੋਂ ਉੱਭਰਿਆ ਹੈ। ਪੰਜਾਬ ਦੇ ਵਫ਼ਦ ਨੂੰ ਮਿਊਨਿਖ ਵਿੱਚ ਬੀ.ਐਮ.ਡਬਲਿਊ. ਮਿਊਜ਼ੀਅਮ ਅਤੇ ਬੀ.ਐਮ.ਡਬਲਿਊ. ਗਰੁੱਪ ਪਲਾਂਟ ਦਾ ਟੂਰ ਕਰਵਾਇਆ ਗਿਆ। ਮੁੱਖ ਮੰਤਰੀ ਨੇ ਇਸ ਸਬੰਧ ਨੂੰ ਹੋਰ ਅੱਗੇ ਵਧਾਉਣ ਅਤੇ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਬੀ.ਐਮ.ਡਬਲਯੂ ਦੇ ਵਫ਼ਦ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।