India Punjab

ਪੰਜਾਬ-ਹਰਿਆਣਾ ਤੇ ਚੰਡੀਗੜ੍ਹ ‘ਚ NIA ਦੀ ਰੇਡ, ਸਵੇਰੇ-ਸਵੇਰੇ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ…

NIA raid in Punjab-Haryana and Chandigarh, early morning raids at many places...

ਚੰਡੀਗੜ੍ਹ :  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ। ਗੈਂਗਸਟਰ-ਅੱਤਵਾਦੀ ਸਬੰਧਾਂ ਦੀ ਜਾਂਚ ਲਈ 30 ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਅਤੇ ਫਰੀਦਕੋਟ ਵਿੱਚ ਐਨਆਈਏ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ।

ਟੀਮ ਸਥਾਨਕ ਪੁਲਿਸ ਨਾਲ ਸਵੇਰੇ 5-6 ਵਜੇ ਦੇ ਕਰੀਬ ਪਹੁੰਚੀ। ਮੰਗਲਵਾਰ ਸਵੇਰੇ NIA ਦੀ ਟੀਮ ਨੇ ਪੰਜਾਬ ਦੇ ਫਰੀਦਕੋਟ ਦੇ ਕੋਟਕਪੂਰਾ ਵਿੱਚ ਇੱਕ ਕਾਰੋਬਾਰੀ ਦੇ ਘਰ ਛਾਪਾ ਮਾਰਿਆ। ਇਹ ਜਾਂਚ ਪਿਛਲੇ ਢਾਈ ਘੰਟੇ ਤੋਂ ਚੱਲ ਰਹੀ ਹੈ ਅਤੇ ਇਸ ਸਬੰਧੀ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਕਰੀਬ 6 ਵਜੇ ਐਨਆਈਏ ਦੀ ਟੀਮ ਨੇ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। ਹਾਲਾਂਕਿ ਇਸ ਬਾਰੇ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸੂਤਰਾਂ ਮੁਤਾਬਕ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਨਾਲ ਸਬੰਧ ਹੋਣ ਕਾਰਨ ਐਨਆਈਏ ਨੇ ਉਸ ਦੇ ਘਰ ਛਾਪਾ ਮਾਰਿਆ ਹੈ। ਫਿਲਹਾਲ NIA ਦੀ ਟੀਮ ਜਾਂਚ ‘ਚ ਰੁੱਝੀ ਹੋਈ ਹੈ।

ਇਸ ਦੇ ਨਾਲ ਹੀ ਐਨਆਈਏ ਨੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਵਿੱਚ ਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਘਰ ਛਾਪਾ ਮਾਰਿਆ। ਟੀਮ ਰਵਿੰਦਰ ਦੇ ਨਾਂ ‘ਤੇ ਚੱਲ ਰਹੇ ਮੋਬਾਈਲ ਨੰਬਰ ਦੀ ਜਾਣਕਾਰੀ ਲੈਣ ਆਈ ਸੀ। ਟੀਮ ਨੇ ਮੋਗਾ ਦੇ ਚੁਗਾਵਾ ਵਿੱਚ ਇੱਕ ਘਰ ਵਿੱਚ ਵੀ ਛਾਪਾ ਮਾਰਿਆ।
NIA ਦੀ ਟੀਮ ਹਰਿਆਣਾ ਦੇ ਹਿਸਾਰ ਪਹੁੰਚ ਚੁੱਕੀ ਹੈ। ਜਾਣਕਾਰੀ ਅਨੁਸਾਰ ਟੀਮ ਨੇ ਸਿਵਾਨੀ ਦੇ ਦਰਿਆਪੁਰ ਢਾਣੀ ਵਿੱਚ ਟਰਾਂਸਪੋਰਟਰ ਦੇ ਘਰ ਛਾਪਾ ਮਾਰਿਆ ਹੈ। ਇਸ ਸਬੰਧੀ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।