International

ਨਿਊਜ਼ੀਲੈਂਡ ‘ਚ ਕੋਰੋਨਾ ਦਾ ਮੁੜ ਕਹਿਰ, ਚੋਣਾਂ ਕੀਤੀਆਂ ਮੁਲਤਵੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਐਡਰਨ ਦੀ ਸਰਕਾਰ ਕੋਰੋਨਾਵਾਇਰਸ ਨੂੰ ਰੋਕਣ ਲਈ ਹਰ ਹੀਲਾ ਵਰਤ ਰਹੀ ਹੈ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਇੱਕ ਇਲਾਕੇ ਵਿੱਚ ਕੋਰੋਨਾਵਾਇਰਸ ਦੇ 49 ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਪ੍ਰਧਾਨ ਮੰਤਰੀ ਨੇ 19 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਚਾਰ ਹਫ਼ਤਿਆਂ ਦੇ ਲਈ ਟਾਲ ਦਿੱਤਾ ਹੈ। ਹੁਣ ਇਹ ਚੋਣਾਂ 17 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਹਜ਼ਾਰ ਚੋਣ ਅਮਲੇ ਦੀ ਕੋਰੋਨਾਵਾਇਰਸ ਤੋਂ ਸੁਰੱਖਿਆ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਟਾਲਣ ਦਾ ਫੈਸਲਾ ਲੈਂਦੇ ਸਮੇਂ ਉਨ੍ਹਾਂ ਨੇ ਵੋਟਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਅਤੇ ਪਾਰਦਰਸ਼ਤਾ ਨੂੰ ਧਿਆਨ ਵਿੱਚ ਰੱਖਿਆ ਹੈ। ਚੋਣਾਂ ਨੂੰ ਹੋਰ ਅੱਗੇ ਨਹੀਂ ਵਧਾਇਆ ਜਾ ਸਕਦਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ “ਕੋਵਿਡ ਹੁਣ ਕੁੱਝ ਹੋਰ ਸਮੇਂ ਲਈ ਸਾਡੇ ਨਾਲ ਰਹੇਗਾ। ਚੋਣਾਂ ਨੂੰ ਅੱਗੇ ਮੁਲਤਵੀ ਕਰਦੇ ਰਹਿਣ ਨਾਲ ਕੋਵਿਡ ਦੇ ਦਖ਼ਲ ਦਾ ਖ਼ਤਰਾ ਘੱਟ ਨਹੀਂ ਹੋਵੇਗਾ ਅਤੇ ਇਸ ਕਰਕੇ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹਨ ਕਿ ਜੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਪੜਾਅ ਦੋ ਜਾਂ ਕੁੱਝ ਹੱਦ ਤੱਕ ਪੜਾਅ ਤਿੰਨ ਤੱਕ ਵੀ ਪਹੁੰਚ ਜਾਂਦੀ ਹੈ ਤਾਂ ਵੀ ਮਤਦਾਨ ਕਰਾ ਲਿਆ ਜਾਵੇਗਾ”। ਐਡਰਨ ਨੇ ਕਿਹਾ ਕਿ ਇਸ ਫੈਸਲੇ ‘ਚ ਕੋਈ ਹੋਰ ਬਦਲਾਅ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।