India Punjab

ਰਾਘਵ ਚੱਢਾ ਨੂੰ ਕੀਤਾ ਜਾ ਸਕਦੈ ਗ੍ਰਿਫ਼ਤਾਰ, ਕੇਜਰੀਵਾਲ ਨੇ ਦੱਸੀ ਇਹ ਵਜ੍ਹਾ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ ਕਿ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਰਾਘਵ ਚੱਢਾ ਨੇ ਗੁਜਰਾਤ ਦੇ ਦੌਰੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਲਈ ਰਾਘਵ ਚੱਢਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਕਿਸ ਕੇਸ ਵਿਚ ਗ੍ਰਿਫਤਾਰ ਕਰਨਾ ਹੈ, ਇਹ ਦੋਸ਼ ਬਣਾ ਰਹੇ ਹਨ।

 

ਰਾਘਵ ਚੱਢਾ ਨੇ ਕੇਜਰੀਵਾਲ ਦੇ ਟਵੀਟ ਨੂੰ ਰਿਟਵੀਟ ਕਰਦਿਆਂ ਲਿਖਿਆ ਕਿ ‘ਹਮ ਆਪਣੇ ਖੂਨ ਸੇ ਲਿਖੇਂ ਕਹਾਣੀ ਏ ਵਤਨ ਮੇਰੇ, ਕਰੇਂ ਕੁਰਬਾਨ ਹਸ ਕਰਨ ਯੇ ਜਵਾਨੀ ਏ ਵਤਨ ਮੇਰੇ’ ਗੁਜਰਾਤ ਬਦਲਾਅ ਮੰਗ ਰਿਹਾ ਹੈ ਅਤੇ ਹਰ ਦਿਨ ਆਮ ਆਦਮੀ ਪਾਰਟੀ ਦੇ ਵੱਧਦੇ ਕਦਮ ਦੇਖ ਕੇ ਭਾਜਪਾ ਦੀ ਨੀਂਦ ਉੱਡ ਗਈ ਹੈ। ਅਸੀਂ ਭਗਤ ਸਿੰਘ ਦੀ ਸੋਚ ਉੱਤੇ ਪਹਿਰਾ ਦੇਣ ਵਾਲੇ ਹਾਂ – ਨਾ ਤੁਹਾਡੀ ਜੇਲ੍ਹ ਦੀਆਂ ਦੀਵਾਰਾਂ ਤੋਂ ਡਰਦੇ ਹਾਂ, ਨਾ ਫਾਂਸੀ ਦੇ ਫੰਦੇ ਤੋਂ।

ਇਸ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੀ ਸਰਕਾਰ ਵਿੱਚ ਮੰਤਰੀ ਸਤੇਂਦਰ ਜੈਨ ਦੀ ਗ੍ਰਿਫਤਾਰੀ ਦਾ ਖ਼ਦਸ਼ਾ ਜਤਾਇਆ ਸੀ ਅਤੇ ਉਹ ਹੁਣ ਜੇਲ੍ਹ ਵਿੱਚ ਹਨ। ਇਸ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ। ਕੇਜਰੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਗੰਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਸੀ। ਦਸੰਬਰ 2022 ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਰਵਿੰਦ ਕੇਜਰੀਵਾਲ ਗੁਜਰਾਤ ਵਿੱਚ ਰੈਲੀਆਂ, ਕਾਨਫਰੰਸਾਂ ਕਰਕੇ ਗੁਜਰਾਤ ਦੀ ਆਮ ਜਨਤਾ ਤੱਕ ਆਪਣੀ ਪਹੁੰਚ ਬਣਾ ਰਹੇ ਹਨ।

ਆਬਕਾਰੀ ਨੀਤੀ ਨੂੰ ਲੈ ਕੇ ਗ੍ਰਿਫਤਾਰੀਆਂ ਸ਼ੁਰੂ ਹੋਈਆਂ

ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਕੇਜਰੀਵਾਲ ਸਰਕਾਰ ਸਵਾਲਾਂ ਦੇ ਘੇਰੇ ‘ਚ ਹੈ। ਸੀਬੀਆਈ ਅਤੇ ਈਡੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਈਡੀ ਨੇ ਇਸ ਮਾਮਲੇ ਵਿੱਚ ਇੰਡੋਸਪੀਰੀਟ ਦੇ ਮਾਲਕ ਸਮੀਰ ਮਹਿੰਦਰੂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਮੀਰ ਮਹਿੰਦਰੂ ਬਾਰੇ ਈਡੀ ਦਾ ਦਾਅਵਾ ਹੈ ਕਿ ਉਹ ਮਨੀਸ਼ ਸਿਸੋਦੀਆ ਦਾ ਕਰੀਬੀ ਹੈ ਅਤੇ ਨਵੀਂ ਸ਼ਰਾਬ ਨੀਤੀ ਕਾਰਨ ਉਸ ਨੇ 9 ਮਹੀਨਿਆਂ ਵਿੱਚ 50 ਕਰੋੜ ਰੁਪਏ ਕਮਾ ਲਏ ਹਨ। ਸੀਬੀਆਈ ਨੇ ਇਸ ਮਾਮਲੇ ਵਿੱਚ ਵਿਜੇ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੇ ਨਾਇਰ ਆਮ ਆਦਮੀ ਪਾਰਟੀ ਦੇ ਸੰਚਾਰ ਦਾ ਕੰਮ ਦੇਖ ਰਹੇ ਸਨ।

ਜੇਲ੍ਹ ਜਾਣ ਤੋਂ ਡਰਦੇ ਹਾਂ ਤਾਂ ਛੱਡੋ ‘ਆਪ’

ਵਿਜੇ ਦੀ ਗ੍ਰਿਫਤਾਰੀ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ‘ਹੁਣ ਉਨ੍ਹਾਂ ਨੇ ਵਿਜੇ ਨਾਇਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ‘ਆਪ’ ਦੇ ਸੰਚਾਰ ਦਾ ਕੰਮ ਦੇਖਦੇ ਹਨ। ਉਸਨੇ ਪਹਿਲਾਂ ਪੰਜਾਬ ਵਿੱਚ ਚੰਗਾ ਕੰਮ ਕੀਤਾ ਅਤੇ ਹੁਣ ਗੁਜਰਾਤ ਵਿੱਚ ਸੰਚਾਰ ਦਾ ਕੰਮ ਸੰਭਾਲ ਰਿਹਾ ਸੀ। ਭਾਜਪਾ ਵਾਲੇ ਬਹੁਤ ਪਰੇਸ਼ਾਨ ਹਨ, ਕਿਉਂਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ‘ਆਪ’ ਨੂੰ ਕੁਚਲਣ ਲਈ ਪਹਿਲਾਂ ਸਤੇਂਦਰ ਜੈਨ, ਅਮਾਨਤੁੱਲਾ ਨੂੰ ਗ੍ਰਿਫ਼ਤਾਰ ਕੀਤਾ, ਹੁਣ ਵਿਜੇ ਨਾਇਰ ਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੀਸ਼ ਅਗਲੇ ਹਫਤੇ ਸਿਸੋਦੀਆ ਨੂੰ ਗ੍ਰਿਫਤਾਰ ਕਰਨ ਜਾ ਰਹੇ ਹਨ। ਇਹ ਲੋਕ ਆਮ ਆਦਮੀ ਪਾਰਟੀ ਦੇ ਹਰ ਛੋਟੇ-ਵੱਡੇ ਵਰਕਰ ਨੂੰ ਜੇਲ ‘ਚ ਡੱਕ ਦੇਣਗੇ, ਜੇਲ ਜਾਣ ਦਾ ਡਰ ਹੈ ਤਾਂ ਅੱਜ ਹੀ ਪਾਰਟੀ ਛੱਡ ਦਿਓ।‘