‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪੰਜਾਬੀ ਜਿੱਥੇ ਵੀ ਪਰਦੇਸ਼ ਵਿੱਚ ਜਾ ਕੇ ਵੱਸੇ, ਉਨ੍ਹਾਂ ਨੇ ਉੱਥੇ ਹੀ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਇਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਪੈਂਠ ਜਮਾਈ ਹੈ। ਅਮਰੀਕਾ ਵੱਸਦਾ ਪੰਜਾਬੀ ‘ਸੌਗੀ ਦਾ ਸ਼ਹਿਨਸ਼ਾਹ’ ਬਣਿਆ ਤਾਂ ਅਸਟ੍ਰੇਲੀਆ ਵਿੱਚ ਇੱਕ ਹੋਰ ਪੰਜਾਬੀ ‘ਬਨਾਨਾ ਕਿੰਗ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਕੈਨੇਡਾ ਵਿੱਚ ਵੀ ‘ਬਦਾਮਾਂ ਦਾ ਬਾਦਸ਼ਾਹ’ ਦਾ ਖਿਤਾਬ ਵੀ ਇੱਕ ਪੰਜਾਬੀ ਦੇ ਸਿਰ ਸਜਿਆ। ਅਰਬ ਦੇਸ਼ਾਂ ਦੀਆਂ ਬਹੁ ਮੰਜ਼ਲੀਆਂ ਇਮਾਰਤਾਂ ਵਿੱਚੋਂ ਹਾਲੇ ਵੀ ਪੰਜਾਬ ਦੇ ਮਿਸਤਰੀਆਂ ਦੇ ਹੱਥਾਂ ਅਤੇ ਮਜ਼ਦੂਰਾਂ ਦੇ ਪਸੀਨੇ ਦੀ ਖੁਸ਼ਬੋ ਆਉਂਦੀ ਹੈ। ਹਾਲੇ ਇੱਕ ਦਿਨ ਪਹਿਲਾਂ ਨੌਜਵਾਨ ਸਿੱਖ ਮੁੰਡੇ ਜਪਗੋਬਿੰਦ ਸਿੰਘ ਦੇ ਸਿਰ ਕੈਨੇਡਾ ਦਾ ਪਹਿਲਾ ਪੰਜਾਬੀ ਹੋਣ ਦਾ ਤਾਜ ਸਜਿਆ ਹੈ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੀ ਇੱਕ ਖਾਸੀਅਤ ਇਹ ਵੀ ਰਹੀ ਹੈ ਕਿ ਉਹ ਜਿਸ ਵੀ ਮੁਲਕ ਵਿੱਚ ਜਾ ਕੇ ਵੱਸੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਨਾਲ ਲੈ ਕੇ ਗਏ। ਇਹ ਇਤਿਹਾਸ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੰਗ-ਏ-ਮੈਦਾਨ ਤੋਂ ਸ਼ੁਰੂ ਹੁੰਦਾ ਹੈ।
ਦੂਜੇ ਪਾਸੇ ਮੁਲਕ ਕੋਈ ਵੀ ਹੋਵੇ, ਪੰਜਾਬੀਆਂ ਨੇ ਉੱਥੇ ਜਾ ਕੇ ਆਪਣੀ ਭੱਲ ਗੁਆਵੀ ਵੀ ਹੈ। ਕਾਨੂੰਨ ਹੋਵੇ ਜਾਂ ਹੋਰ ਪਾਬੰਦੀਆਂ, ਇਨ੍ਹਾਂ ਕੋਲ ਹਰ ਟੇਡੇ ਵਿੰਗੇ ਢੰਗ ਨਾਲ ਉਹਦਾ ਹੱਲ ਹੁੰਦਾ ਹੈ। ਵਿਦੇਸ਼ ਲਈ ਘਰੋਂ ਤੁਰਨ ਤੋਂ ਲੈ ਕੇ ਉੱਥੇ ਜਾ ਕੇ ਪੱਕੇ ਹੋਣ ਲਈ ਹਰ ਹੀਲਾ ਹਰ ਹਰਬਾ ਵਰਤਦੇ ਹਨ। ਰਾਤ ਵੇਲੇ ਕੰਡਿਆਲੀਆਂ ਤਾਰਾਂ ਟੱਪ ਕੇ, ਮਾਲ ਗੱਡੀਆਂ ਵਿੱਚ ਲੁਕ ਕੇ ਜਾਂ ਫਿਰ ਬੋਰੀਆਂ ਨਾਲ ਲੱਦੇ ਟਰੱਕਾਂ ਵਿੱਚ ਲੇਟ ਕੇ ਪੁੱਜਣਾ ਇਨ੍ਹਾਂ ਲਈ ਔਖਾ ਨਹੀਂ। ਨਾ ਹੀ ਮਾਲਟਾ ਕਾਂਡ ਜਿਹੇ ਦਰਦਨਾਕ ਹਾਦਸੇ ਇਨ੍ਹਾਂ ਦੇ ਵਿਦੇਸ਼ ਜਾਣ ਦੇ ਹੌਂਸਲੇ ਢਾਹ ਸਕੇ ਹਨ।
ਕੈਨੇਡਾ ਦੇ ਇੱਕ ਨਾਮਵਰ ਰੇਡੀਓ ਦੀ ਰਿਪੋਰਟ ਨੇ ਪੰਜਾਬੀਆਂ ਦੇ ਉੱਥੇ ਜਾ ਕੇ ਪੱਕੇ ਹੋਣ ਲਈ ਵਰਤੇ ਜਾਂਦੇ ਗੈਰ ਕਾਨੂੰਨੀ ਤਰੀਕਿਆਂ ਦੀ ਪੋਲ ਖੋਲਦੀ ਰਿਪੋਰਟ ਬ੍ਰਾਡਕਾਸਟ ਕੀਤੀ ਹੈ। ਰੇਡੀਓ ਦੀ ਰਿਪੋਰਟ ਅਨੁਸਾਰ ਪਿਛਲੇ ਛੇ ਸਾਲਾਂ ਦੌਰਾਨ ਕੈਨੇਡਾ ਵਿੱਚ ਸਟੱਡੀ ਵੀਜ਼ਾ ਉੱਤੇ 23 ਲੱਖ 74 ਹਜ਼ਾਰ ਪ੍ਰਵਾਸੀ ਆਏ, ਜਿਨ੍ਹਾਂ ਵਿੱਚੋਂ 9 ਲੱਖ ਭਾਵ 40 ਫ਼ੀਸਦੀ ਭਾਰਤੀ ਸਨ। ਪਿਛਲੇ ਇੱਕ ਸਾਲ ਦੌਰਾਨ ਸਟੂਡੈਂਟ ਵੀਜ਼ੇ ਲਈ ਕੈਨੇਡਾ ਸਰਕਾਰ ਨੂੰ 3 ਲੱਖ 59 ਹਜ਼ਾਰ ਅਰਜ਼ੀਆਂ ਮਿਲੀਆਂ ਹਨ ਜਿਸ ਵਿੱਚੋਂ 1 ਲੱਖ 25 ਹਜ਼ਾਰ ਰੱਦ ਕਰ ਦਿੱਤੀਆਂ ਗਈਆਂ ਹਨ ਭਾਵ 45 ਫੀਸਦੀ ਵਿਦਿਆਰਥੀਆਂ ਨੂੰ ਪੜਾਈ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਕੈਨੇਡਾ ਆਉਣ ਲਈ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਕੈਨੇਡਾ ਆਉਣ ਲਈ ਗਲਤ ਮਲਤ ਢੰਗ ਨਾਲ ਆਈਲੈੱਟਸ ਦਾ ਕੋਰਸ ਕਰ ਲੈਂਦੇ ਹਨ। ਕੈਨੇਡਾ ਸਰਕਾਰ ਨੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਦਿਨੀਂ ਇੱਕ ਦਰਜਨ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਵੀ ਕਰ ਦਿੱਤਾ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡਾ ਦੀ ਸਰਕਾਰ ਹੁਣ ਤੱਕ ਵਿਦਿਆਰਥੀਆਂ ਦੇ ਸਿਰੋਂ 24 ਬਿਲੀਅਨ ਡਾਲਰ ਦਾ ਬਿਜ਼ਨੈੱਸ ਕਰ ਚੁੱਕੀ ਹੈ। ਪੰਜਾਬੀਆਂ ਨੇ ਪੰਜਾਬ ਦੀ ਧਰਤੀ ਤੋਂ 20 ਤੋਂ 30 ਹਜ਼ਾਰ ਕਰੋੜ ਰੁਪਏ ਕੈਨੇਡਾ ਨੂੰ ਭੇਜੇ ਹਨ, ਜਿਸਦੇ ਵਿੱਚ ਵਧੇਰੇ ਰਕਮ ਹਵਾਲਾ ਰਾਹੀਂ ਭੇਜੀ ਜਾਂਦੀ ਹੈ। ਦੂਜੇ ਪਾਸੇ ਭਾਰਤ ਸਰਕਾਰ ਨੇ ਪ੍ਰਵਾਸੀ ਵਿਦਿਆਰਥੀਆਂ ਨੂੰ ਲੁਭਾਉਣ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਭਾਰਤ ਸਰਕਾਰ ਨੂੰ ਪੱਛੜ ਕੇ ਹੀ ਸਹੀਂ, ਪਰ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਦੇ ਵਿੱਦਿਅਕ ਅਦਾਰਿਆਂ ਵਿੱਚ ਪੜਾਉਣ ਲ਼ਈ ਦਾਖਲਾ ਦੇਣ ਦਾ ਫੁਰਨਾ ਫਿਰਿਆ ਹੈ। ਇੱਕ ਜਾਣਕਾਰੀ ਅਨੁਸਾਰ 2019 ਵਿੱਚ ਭਾਰਤ ਵਿੱਚ ਵਿਦੇਸ਼ੀ ਪਾੜਿਆਂ ਦੀ ਗਿਣਤੀ 75 ਹਜ਼ਾਰ ਸੀ ਜਿਹੜੀ ਕਿ 2021 ਵਿੱਚ 23 ਹਜ਼ਾਰ ਰਹਿ ਗਈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਭਾਰਤ ਦੇ ਮੈਡੀਕਲ ਕਾਲਜਾਂ ਸਮੇਤ ਹੋਰ ਪ੍ਰੋਫੈਸ਼ਨਲ ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ 25 ਫ਼ੀਸਦੀ ਸੀਟਾਂ ਵਾਧੂ ਅਲਾਟ ਕਰ ਦਿੱਤੀਆਂ ਹਨ। ਵਿਦੇਸ਼ੀ ਪਾਸਪੋਰਟ ਹੋਲਡਰਜ਼ ਕੋਈ ਵੀ ਵਿਦਿਆਰਥੀ 25 ਫ਼ੀਸਦੀ ਕੋਟੇ ਵਿੱਚ ਦਾਖਲਾ ਲੈ ਸਕਦਾ ਹੈ। ਸਰਲ ਅਤੇ ਸਪੱਸ਼ਟ ਸ਼ਬਦਾਂ ਵਿੱਚ ਇਹ ਕਿ ਭਾਰਤ ਸਰਕਾਰ ਮੁਲਕ ਵਿੱਚੋਂ ਸਟੱਡੀ ਵੀਜ਼ਾਂ ਦੇ ਨਾਂ ਉੱਤੇ ਬਾਹਰ ਜਾ ਰਿਹਾ ਪੈਸਾ ਵਾਪਸ ਲਿਆਉਣਾ ਚਾਹੁੰਦੀ ਹੈ। ਇਹ ਵੱਖਰੀ ਗੱਲ਼ ਹੈ ਕਿ ਭਾਰਤ ਵੱਲ ਛੋਟੇ ਮੋਟੇ ਮੁਲਕਾਂ ਦੇ ਵਿਦਿਆਰਥੀ ਹੀ ਮੂੰਹ ਕਰਨਗੇ।
ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਟੱਡੀ ਵੀਜ਼ਾ ਲੈਣ ਲਈ ਵੱਖ ਵੱਖ ਬੈਂਕਾਂ ਤੋਂ 1800 ਕਰੋੜ ਦਾ ਕਰਜ਼ਾ ਚੁੱਕਿਆ ਹੋਇਆ ਹੈ। ਇਨ੍ਹਾਂ ਵਿੱਚੋਂ 1849 ਵਿਦਿਆਰਥੀ ਕਰਜ਼ਾ ਮੋੜ ਨਹੀਂ ਸਕੇ ਜਿਸ ਕਰਕੇ 52.63 ਕਰੋੜ ਦੀ ਰਕਮ ਵੱਟੇ ਖਾਤੇ ਪਾਉਣੀ ਪੈ ਗਈ ਹੈ। ਪੰਜਾਬ ਦੇ ਕੁੱਲ 29934 ਵਿਦਿਆਰਥੀਆਂ ਨੇ ਬੈਂਕਾਂ ਤੋਂ ਪੜਾਈ ਲਈ ਕਰਜ਼ਾ ਲਿਆ ਸੀ। ਹਰਿਆਣਾ ਦੇ ਵਿਦਿਆਰਥੀਆਂ ਦੀ ਗਿਣਤੀ 33517 ਹੈ ਅਤੇ ਉਨ੍ਹਾਂ ਨੇ 1642 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ , ਜਿਸ ਵਿੱਚੋਂ 100 ਕਰੋੜ ਵੱਟੇ ਖਾਤੇ ਪਾਉਣੇ ਪੈ ਗਏ ਹਨ।
ਭਾਰਤ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਇੰਜੀਨਅਰਿੰਗ ਦੀ ਪੜਾਈ ਲਈ 10.23 ਲੱਖ ਵਿਦਿਆਰਥੀਆਂ ਨੇ ਬੈਂਕਾਂ ਤੋਂ 30330 ਕਰੋੜ ਦਾ ਕਰਜ਼ਾ ਲਿਆ ਹੈ। ਇਸੇ ਤਰ੍ਹਾਂ ਮੈਡੀਕਲ ਦੇ 1 ਲੱਖ 56 ਹਜ਼ਾਰ ਵਿਦਿਆਰਥੀਆਂ ਨੇ 10 ਹਜ਼ਾਰ 472 ਕਰੋੜ ਰੁਪਏ ਵਿਆਜ ਉੱਤੇ ਲਏ ਹਨ। ਦੂਜੇ ਕੋਰਸਾਂ ਦੇ 1 ਲੱਖ 23 ਹਜ਼ਾਰ ਵਿਦਿਆਰਥੀਆਂ ਨੇ 3674 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
ਪੰਜਾਬ ਦੇ ਵੱਡੀ ਗਿਣਤੀ ਵਿਦਿਆਰਥੀ ਜਿਨ੍ਹਾਂ ਨੇ ਸਤੰਬਰ ਇਨਟੇਕ ਲਈ ਕੈਨੇਡਾ ਵਿੱਚ ਪੜਾਈ ਕਰਨ ਲਈ ਵੀਜ਼ੇ ਵਾਸਤੇ ਅਪਲਾਈ ਕੀਤਾ ਸੀ, ਵਿੱਚੋਂ 40 ਫ਼ੀਸਦੀ ਤੋਂ ਵੱਧ ਨਾਂਹ ਹੋ ਗਈ ਹੈ। ਇਸ ਕਰਕੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਘੋਰ ਉਦਾਸੀ ਦੇ ਮਾਹੌਲ ਵਿੱਚ ਹਨ। ਹਾਲੇ ਕੱਲ੍ਹ ਦੀ ਇੱਕ ਮਨਹੂਸ ਖਬਰ ਅੱਖਾਂ ਮੂਹਰੇ ਘੁੰਮ ਰਹੀ ਹੈ ਕਿ ਪੰਜਾਬ ਦੇ ਹੀ ਇੱਕ ਨੌਜਵਾਨ ਨੇ ਕੈਨੇਡਾ ਦੀ ਪੜਾਈ ਦਾ ਵੀਜ਼ਾ ਨਾ ਆਉਣ ਕਰਕੇ ਆਪਣੇ ਆਪ ਨੂੰ ਮਾਰ ਮੁਕਾਇਆ ਸੀ ਪਰ ਅਗਲੇ ਦਿਨ ਹੀ ਉਹਦਾ ਵੀਜ਼ਾ ਲੱਗਾ ਪਾਸਪੋਰਟ ਘਰ ਆ ਪੁੱਜਾ। ਕੈਨੇਡਾ ਨੇ ਸਤੰਬਰ 2023 ਤੋਂ ਮੈਨੀਟੋਬਾ ਸਟੇਟ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿੱਚ ਵਰਕ ਪਰਮਿਟ ਨਾ ਦੇਣ ਦਾ ਫੈਸਲਾ ਲੈ ਲਿਆ।
ਵਿਦੇਸ਼ ਵਿੱਚ ਪੜਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਦੇ ਗੰਭੀਰ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ। ਏਜੰਟਾਂ ਵਾਸਤੇ ਵੀ ਪੈਸੇ ਦਾ ਲਾਲਚ ਛੱਡ ਕੇ ਹਿਊਮਨ ਟ੍ਰੈਫਕਿੰਗ ਬੰਦ ਕਰਨਾ ਲਾਜ਼ਮੀ ਬਣਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੱਛੇ ਜਿਹੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਉਹ ਪੰਜਾਬੀ ਮੁੰਡਿਆਂ ਨੂੰ ਜਹਾਜ਼ ਚੜਨ ਤੋਂ ਰੋਕਣਗੇ। ਉਨ੍ਹਾਂ ਨੇ ਮਜ਼ਾਹੀਆ ਲਹਿਜੇ ਵਿੱਚ ਹੀ ਸਹੀਂ, ਇਹ ਵੀ ਕਹਿ ਦਿੱਤਾ ਸੀ ਕਿ ਉਹ ਆਪਣੇ ਸੂਬੇ ਵਿੱਚ ਰੁਜ਼ਗਾਰ ਦੇ ਏਨੇ ਮੌਕੇ ਪੈਦਾ ਕਰਨਗੇ ਕਿ ਗੋਰੇ ਵੀ ਇੱਧਰ ਨੌਕਰੀ ਕਰਨ ਦੇ ਲਈ ਆਇਆ ਕਰਨਗੇ। ‘ਦ ਖ਼ਾਲਸ ਟੀਵੀ ਪਰਿਵਾਰ ਭਗਵੰਤ ਸਿੰਘ ਮਾਨ ਤੋਂ ਇੱਕ ਨਿਗੂਣੀ ਜਿਹੀ ਆਸ ਲਾਈ ਬੈਠਾ ਹੈ ਕਿ ਆਪਣੇ ਸੂਬੇ ਵਿੱਚ ਸਸਤੀ ਪੜਾਈ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਪੰਜਾਬ ਨੂੰ ਖਾਲੀ ਹੋਣ ਤੋਂ ਜ਼ਰੂਰ ਬਚਾ ਲੈਣਗੇ।