India Khalas Tv Special Punjab

…ਤੇ ਭਗਵੰਤ ਮਾਨ ਰਹਿ ਗਏ ਹੱਥ ਮਲਦੇ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :-  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਗਸਤ ਦੀ ਨਿਊ ਚੰਡੀਗੜ੍ਹ ਫੇਰੀ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪੂਰੇ ਲਾਮ ਲਸ਼ਕਰ ਨਾਲ ਸਵਾਗਤ ਲਈ ਲਾਈਨ ਵਿੱਚ ਲੱਗ ਕੇ ਖੜੇ ਹੋਏ ਸਨ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਦੇ ਵਾਹਵਾ ਪੁਲ ਬੰਨ੍ਹੇ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਨਾ ਤਾਂ ਪੰਜਾਬ ਲਈ ਅਪੱਣਤ ਦਿਖਾਈ ਅਤੇ ਨਾ ਹੀ ਭਗਵੰਤ ਮਾਨ ਦਾ ਇੱਕ ਵਾਰ ਵੀ ਨਾਂ ਨਾ ਲੈ ਕੇ ਗਾਏ ਸੋਹਲਿਆਂ ਦਾ ਕੋਈ ਮੁੱਲ ਮੋੜਿਆ। ਇਹਦੇ ਉਲਟ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਸਟੇਜ ਤੋਂ ਹਿਮਾਚਲ ਪ੍ਰਦੇਸ਼ ਦੀ ਅਕਸਰ ਚਰਚਾ ਕਰਦੇ ਰਹੇ। ਪ੍ਰਧਾਨ ਮੰਤਰੀ ਮੋਦੀ ਲੰਘੇ ਕੱਲ੍ਹ ਹੋਮੀ ਭਾਭਾ ਕੈਂਸਰ ਸੈਂਟਰ ਦਾ ਉਦਘਾਟਨ ਕਰਨ ਲਈ ਇੱਥੇ ਆਏ ਹੋਏ ਸਨ। ਸਾਬਕਾ ਅਕਾਲੀ ਭਾਜਪਾ ਵੱਲੋਂ ਹਸਪਤਾਲ ਲਈ ਦਿੱਤੀ ਥਾਂ ਉੱਤੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਨੌਂ ਸਾਲ ਪਹਿਲਾਂ ਨੀਂਹ ਪੱਥਰ ਰੱਖਿਆ ਸੀ।

ਭਗਵੰਤ ਮਾਨ ਜਿਹੜੇ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਪ੍ਰਧਾਨ ਮੰਤਰੀ ਖ਼ਾਸ ਕਰਕੇ ਭਾਜਪਾ ਸਰਕਾਰ ਨੂੰ ਕਹਿੰਦੇ ਰਹੇ ਹਨ, ਨੇ ਕੱਲ੍ਹ ਦੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਨਰਿੰਦਰ ਮੋਦੀ ਦਾ ਪੰਜਾਬ ਨਾਲ ਵਿਸ਼ੇਸ਼ ਨਾਤਾ ਹੈ। ਉਨ੍ਹਾਂ ਦਾ ਦਿਲ ਦਰਿਆ ਹੈ। ਹੋਰ ਤਾਂ ਹੋਰ ਕਾਂਗਰਸ ਨੂੰ ਨਿੰਦਣ ਲਈ ਹੀ ਸਹੀਂ, ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੰਜ ਜਨਵਰੀ ਦੀ ਪੰਜਾਬ ਫੇਰੀ ਵੇਲੇ ਸੁਰੱਖਿਆ ਉੱਤੇ ਰਹੀ ਕੁਤਾਹੀ ਉੱਤੇ ਅਫ਼ਸੋਸ ਜਾਹਿਰ ਵੀ ਕੀਤਾ। ਉਹ ਜਦੋਂ ਦੋਵੇਂ ਹੱਥ ਜੋੜ ਕੇ ਪ੍ਰਧਾਨ ਮੰਤਰੀ ਵੱਲ ਨੂੰ ਦੇਖਦਿਆਂ ਦੁੱਖ ਪ੍ਰਗਟ ਕਰ ਰਹੇ ਸਨ ਤਾਂ ਟੀਵੀ ਮੂਹਰੇ ਬੈਠੇ ਕਈ ਪੰਜਾਬੀ ਕਚੀਚੀ ਵੱਟਦੇ ਰਹੇ।

 

ਪੰਜਾਬੀਆਂ ਨੇ ਭਗਵੰਤ ਮਾਨ ਦੇ ਉਨ੍ਹਾਂ ਬੋਲਾਂ ਦਾ ਖ਼ਾਸ ਕਰਕੇ ਨੋਟਿਸ ਲਿਆ ਜਦੋਂ ਉਹ ਕਹਿ ਰਹੇ ਸਨ ਕਿ ਜਿਸ ਪੰਜਾਬ ਵਿੱਚੋਂ ਸੁਰੱਖਿਆ ਦੇ ਡਰੋਂ ਤੁਸੀਂ ਰਸਤੇ ਵਿੱਚੋਂ ਹੀ ਮੁੜ ਗਏ ਸੀ, ਉਹੀ ਪੰਜਾਬ ਅੱਜ ਪੱਬਾਂ ਭਾਰ ਹੋ ਕੇ ਤੁਹਾਡੀ ਮੇਜ਼ਬਾਨੀ ਕਰ ਰਿਹਾ ਹੈ। ਗੱਲ ਇੱਥੇ ਹੀ ਨਹੀਂ ਮੁੱਕੀ., ਪ੍ਰਧਾਨ ਮੰਤਰੀ ਨੇ ਆਪਣੇ 23 ਮਿੰਟ ਦੇ ਭਾਸ਼ਣ ਵਿੱਚ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਦਾ ਨਾਂ ਨਹੀਂ ਲਿਆ। ਹੋਰ ਤਾਂ ਹੋਰ ਜਦੋਂ ਮੁੱਖ ਮੰਤਰੀ ਸਵਾਗਤ ਸ਼ਬਦ ਉੱਚਰ ਰਹੇ ਸਨ ਤਾਂ ਓਨਾ ਚਿਰ ਪੰਡਾਲ ਵਿੱਚੋਂ ਮੋਦੀ ਦੀ ਜੈ ਜੈ ਕਾਰ ਦੇ ਨਾਅਰੇ ਲੱਗਦੇ ਰਹੇ। ਪੰਡਾਲ ਵਿੱਚ ਮੋਹਰਲੀਆਂ ਕੁਰਸੀਆਂ ਉੱਤੇ ਪੰਜਾਬ ਮੰਤਰੀ ਮੰਡਲ ਸਜਿਆ ਬੈਠਾ ਸੀ ਪਰ ਪ੍ਰਧਾਨ ਮੰਤਰੀ ਦੀ ਜਿਵੇਂ ਉਨ੍ਹਾਂ ਉੱਤੇ ਅੱਖ ਹੀ ਨਾ ਪਈ ਹੋਵੇ। ਇਸ ਦੇ ਉਲਟ ਭਗਵੰਤ ਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਖੁਸ਼ ਕਰਨ ਲਈ ਇੱਥੋਂ ਤੱਕ ਕਹਿ ਗਏ ਕਿ ਲੋਕਾਂ ਨੇ ਸਵਾਗਤ ਵਿੱਚ ਅੱਖਾਂ ਵਿਛਾਈਆਂ ਹਨ। ਸਭ ਤੋਂ ਵੱਡੀ ਦੇਖਣ ਵਾਲੀ ਗੱਲ ਰਹੀ ਕਿ ਪ੍ਰਧਾਨ ਮੰਤਰੀ ਨੇ ਸਟੇਜ ਤੋਂ ਸੰਬੋਧਨ ਅਤੇ ਭਗਵੰਤ ਮਾਨ ਨਾਲ ਕੁਝ ਬੋਲ ਸਾਂਝੇ ਕਰਨ ਵੇਲੇ ਭਰਵੱਟੇ ਪੂਰੀ ਤਰ੍ਹਾਂ ਸੁਕੇੜੀ ਰੱਖੇ।

ਪ੍ਰਧਾਨ ਮੰਤਰੀ ਜਿਹੜੇ ਸਿੱਖਾਂ ਦੇ ਵਫਦ ਨੂੰ ਆਪਣੀ ਸਰਕਾਰੀ ਰਿਹਾਇਸ਼ ਉੱਤੇ ਕਈ ਵਾਰ ਬੁਲਾ ਕੇ ਮੀਟਿੰਗਾਂ ਕਰਦੇ ਰਹੇ ਹਨ, ਨੇ ਕੱਲ੍ਹ ਦੇ ਭਾਸ਼ਣ ਵਿੱਚ ਸਿੱਖ ਭਾਈਚਾਰੇ ਦਾ ਨਾਂ ਤੱਕ ਨਹੀਂ ਲਿਆ। ਹਰ ਘਰ ਤਿਰੰਗਾ ਮੁਹਿੰਮ ਵਿੱਚ ਪੰਜਾਬ ਦੀ ਮੋਹਰੀ ਭੂਮਿਕਾ ਨਿਭਾਉਣ ਦਾ ਦਾਅਵਾ ਮਜ਼ਾਕ ਤੋਂ ਵੱਧ ਕੁਝ ਨਾ ਲੱਗਾ।

ਭਗਵੰਤ ਮਾਨ ਦੀ ਤਬੀਅਤ ਉੱਤੇ ਦੇਸ਼ ਵਿਦੇਸ਼ ਵਿੱਚ ਟੀਵੀ ਮੂਹਰੇ ਬੈਠੇ ਪੰਜਾਬੀਆਂ ਦੀ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਕ੍ਰਾਂਤੀਕਾਰੀ ਨੇਤਾ ਦੱਸ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੱਛੇ ਦੀ ਵਜ੍ਹਾ ਕੋਈ ਵੀ ਰਹੀ ਹੋਵੇ ਪਰ ਰਾਜਪਾਲ ਹਮੇਸ਼ਾ ਸਰਗਰਮ ਰਹੇ ਹਨ। ਭਗਵੰਤ ਮਾਨ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਵਿੱਚ ਕਹੇ ਸ਼ਬਦਾਂ ਦਾ ਪੰਜਾਬੀਆਂ ਨੇ ਗੰਭੀਰ ਨੋਟਿਸ ਲਿਆ। ਕਈਆਂ ਨੂੰ ਕੱਲ੍ਹ ਦੇ ਸਮਾਗਮ ਤੋਂ ਨਿਰਾਸ਼ਾ ਵੀ ਹੋਈ ਹੈ। ਆਪ ਲੀਡਰਸ਼ਿਪ ਇਸਨੂੰ ਕਿਸ ਐਂਗਲ ਤੋਂ ਲੈ ਰਹੀ ਹੈ, ਹਾਲੇ ਭਾਫ ਨਹੀਂ ਨਿਕਲੀ।