‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੋਵਿਡ ਦੀਆਂ ਨਵੀਆਂ ਪਾਬੰਦੀਆਂ ਕਾਰਨ ਆਪਣਾ ਵਿਆਹ ਰੱਦ ਕਰ ਦਿੱਤਾ ਹੈ। ਓਮੀਕਰੋਨ ਵੇਰੀਐਂਟ ਫੈਲਣ ਕਾਰਨ ਦੇਸ਼ ਵਿੱਚ ਕੋਵਿਡ ਦੀਆਂ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਕਿਸੇ ਵੀ ਪ੍ਰੋਗਰਾਮ ਵਿੱਚ 100 ਵੈਕਸੀਨੇਟਿਡ ਲੋਕਾਂ ਨੂੰ ਆਉਣ ਦੀ ਇਜਾਜਤ ਹੋਵੇਗੀ। ਇਸ ਦੇ ਨਾਲ ਹੀ ਦੁਕਾਨਾਂ ਅਤੇ ਜਨਤਕ ਆਵਾਜਾਈ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੈ।
ਆਡਰਨ ਨੇ ਅੱਜ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਟੀਵੀ ਹੋਸਟ ਕਲਾਰਕ ਗੇਫੋਰਡ ਦੇ ਨਾਲ ਤੈਅ ਕੀਤੇ ਅਨੁਸਾਰ ਵਿਆਹ ਨਹੀਂ ਕਰੇਗੀ। ਉਹਨਾਂ ਨੇ ਕਿਹਾ, “ਮੈਂ ਕੋਈ ਅਲੱਗ ਨਹੀਂ ਹਾਂ। ਨਿਊਜ਼ੀਲੈਂਡ ਵਿੱਚ ਹਜ਼ਾਰਾਂ ਲੋਕ ਮਹਾਂਮਾਰੀ ਤੋਂ ਪ੍ਰਭਾਵਿਤ ਹੋਏ ਹਨ। ਸਭ ਤੋਂ ਦੁੱਖਦਾਈ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਨਜ਼ਦੀਕੀ ਅਤੇ ਪਿਆਰਿਆਂ ਦੇ ਦੁੱਖ ਦੇ ਸਮੇਂ ਵੀ ਉਨ੍ਹਾਂ ਦੇ ਨਾਲ ਨਹੀਂ ਰਹਿ ਸਕਦੇ ਹੋ।