‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਦਰੂਨੀ ਚੋਣਾਂ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਮੁੱਦੇ ਕਾਰਨ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਪ੍ਰਮੁੱਖ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ, ਜਾਗੋ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਰਵਾਹ ਨੇ ਇਸ ਮਾਮਲੇ ਨੂੰ ਲੈ ਕੇ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤੀ ਹੈ।

ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਸਾਡੇ ਚੁਣੇ ਹੋਏ ਮੈਂਬਰਾਂ ਨੂੰ ਖਿੱਚ ਕੇ ਬਾਹਰ ਕੀਤਾ ਗਿਆ। 30 ਕਮੇਟੀ ਮੈਂਬਰਾਂ ਦੇ ਦਸਤਖ਼ਤਾਂ ‘ਤੇ ਦਿੱਲੀ ਪੁਲਿਸ ਨੂੰ ਬੁਲਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੁਲਿਸ ਬੁਲਾਉਣ ਦੀ ਇਸ ਕਰਤੂਤ ਦੇ ਪਿੱਛੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਨ। ਇਹ ਕਮੇਟੀ ‘ਤੇ ਪੁਲਿਸ ਦੇ ਸਹਾਰੇ ਕਬਜ਼ਾ ਕਰਨ ਦੀ ਸਾਜਿਸ਼ ਸੀ। ਇਸ ਲਈ ਜਥੇਦਾਰਾਂ ਦੀ ਗੈਰ-ਹਾਜ਼ਰੀ ਨੂੰ ਵੀ ਯਕੀਨੀ ਬਣਾਇਆ ਗਿਆ ਕਿਉਂਕਿ ਜਥੇਦਾਰਾਂ ਦੀ ਹਾਜ਼ਰੀ ਵਿੱਚ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰਨਾ ਸੰਭਵ ਨਹੀਂ ਸੀ। ਇਸ ਲਈ ਅਸੀਂ ਇਸ ਮਾਮਲੇ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਰਾਂਗੇ।

ਜੀਕੇ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਪੁਲਿਸ ਉਠਾ ਕੇ ਲੈ ਗਈ ਹੋਵੇ। ਪਰਮਜੀਤ ਸਿੰਘ ਸਰਨਾ ਸਾਡੇ ਉਮੀਦਵਾਰ ਸਨ ਪਰ ਪੁਲਿਸ ਨੇ ਸਾਨੂੰ ਸਾਰਿਆਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਲੈ ਕੇ ਵੋਟ ਪਾਉਣ ਦੇ ਵਾਂਝਾ ਕਰ ਦਿੱਤਾ। ਜਦੋਂ ਸੁਖਬੀਰ

ਜਦੋਂ ਸੁਖਬੀਰ ਸਿੰਘ ਕਾਲੜਾ ਦੀ ਵੋਟ ਨੂੰ ਲੈ ਕੇ ਡੈੱਡਲਾਕ ਹੋ ਗਿਆ ਤਾਂ ਡਾਇਰੈਕਟਰ ਨਰਿੰਦਰ ਸਿੰਘ ਨੂੰ ਮੀਟਿੰਗ ਤੁਰੰਤ ਮੁਲਤਵੀ ਕਰਨੀ ਚਾਹੀਦੀ ਸੀ। 2017 ਵਿੱਚ ਵੀ ਸਾਬਕਾ ਡਾਇਰੈਕਟਰ ਸ਼ੂਰਵੀਰ ਸਿੰਘ ਨੇ ਆਰਜ਼ੀ ਚੇਅਰਮੈਨ ਦੀ ਚੋਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਸੀ। ਇਨ੍ਹਾਂ ਨੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੋਂ ਅਹੁਦੇਦਾਰਾਂ ਦੀ ਚੋਣ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਹੈ।

ਕਮੇਟੀ ਦੇ ਗਠਨ ਤੋਂ ਬਾਅਦ ਅਹੁਦੇਦਾਰਾਂ ਦਾ ਧੰਨਵਾਦ ਨਾ ਕਰਨ ‘ਤੇ ਜੀ.ਕੇ ਨੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲਿਆ। ਪਰਮਜੀਤ ਸਿੰਘ ਸਰਨਾ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਕੋਲ 29 ਵੋਟਾਂ ਸਨ ਤਾਂ ਉਹ ਕਾਲੜਾ ਦੀ ਵੋਟ ਰੱਦ ਹੋਣ ਤੋਂ ਕਿਉਂ ਡਰ ਰਹੇ ਸਨ? ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਾਡੇ ਕੋਲ ਹੋਰ ਮੈਂਬਰ ਸਨ, ਕੁੱਝ ਸਾਹਮਣੇ ਸਨ, ਕੁਝ ਪਿੱਛੇ ਸਨ। ਇਸ ਲਈ ਕਾਲੜਾ ਦੀ ਅਯੋਗ ਵੋਟ ਨੂੰ ਰੱਦ ਕਰਨ ਦੀ ਗੱਲ ਉੱਤੇ ਇਨ੍ਹਾਂ ਦਾ ਅੜਨਾ ਸਾਬਿਤ ਕਰਦਾ ਹੈ ਕਿ ਇਨ੍ਹਾਂ ਨੇ ਹਾਰ ਪਹਿਲਾਂ ਹੀ ਮੰਨ ਲਈ ਸੀ।

ਮਾਰਵਾਹ ਨੇ ਦਾਅਵਾ ਕੀਤਾ ਕਿ ਪੁਲਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਣ ਦਾ ਆਦੇਸ਼ ਕੋਈ ਵੀ ਪੁਲਿਸ ਅਧਿਕਾਰੀ, ਇੱਥੋਂ ਤੱਕ ਕਿ ਸੁਪਰੀਮ ਕੋਰਟ ਵੀ ਨਹੀਂ ਦੇਵੇਗੀ। ਪਰ ਬੇਸ਼ਰਮਾਂ ਦੀ ਤਰ੍ਹਾਂ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਦਸਤਖ਼ਤ ਕਰਕੇ ਜਿਵੇਂ ਪੁਲਿਸ ਬੁਲਾਈ ਹੈ, ਇਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਕਿਉਂਕਿ ਪੁਲਿਸ ਨੂੰ ਅਜਿਹੇ ਗੁਰੂ ਦੇ ਦਰਬਾਰ ਵਿੱਚ ਸਿਰ ਝੁਕਾਏ ਬਿਨਾਂ ਦਖ਼ਲ ਦੇਣ ਦੀ ਕੋਈ ਇਜਾਜ਼ਤ ਨਹੀਂ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਹਾਜ਼ਰ ਸਨ।