Punjab

ਸਾਧੂ ਅਤੇ ਸੋਢੀ ਦੀ ਕੁਰਸੀ ਡੋਲਣ ਲੱਗੀ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਜਾ ਧਮਕੇ ਹਨ। ਅੱਜ ਉਨ੍ਹਾਂ ਦੀ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਹੈ। ਦੋ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਨਾਲ ਦਿੱਲੀ ਗਏ ਹਨ। ਮੀਟਿੰਗ ਵਿੱਚ ਮੰਤਰੀ ਮੰਡਲ ਦੇ ਸੰਭਾਵਿਕ ਫੇਰਬਦਲ ਬਾਰੇ ਵਿਚਾਰ ਹੋਣ ਦੀ ਸੰਭਾਵਨਾ ਹੈ। ਸਮਾਜਿਕ ਨਿਆਂ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਵਿੱਚ ਘੁਟਾਲਾ ਕਰਨ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ‘ਤੇ ਇੱਕੋ ਜ਼ਮੀਨ ਦਾ ਦੋ ਵਾਰੀ ਮੁਆਵਜ਼ਾ ਲੈਣ ਦੇ ਲੱਗਦੇ ਦੋਸ਼ਾਂ ਨੂੰ ਲੈ ਕੇ ਇਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰਨ ਲਈ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ। ਦੋਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਦੱਸੇ ਜਾਂਦੇ ਹਨ।

ਪੰਜਾਬ ਮੰਤਰੀ ਮੰਡਲ ਦੇ ਸੰਭਾਵਿਤ ਫੇਰਬਦਲ ਵਿੱਚ ਧਰਮਸੋਤ ਅਤੇ ਰਾਣਾ ਸੋਢੀ ਦੀ ਛੁੱਟੀ ਕੀਤੇ ਜਾਣ ਦੀ ਸੰਭਾਵਨਾ ਬਨਣ ਲੱਗੀ ਹੈ। ਧਰਮਸੋਤ ਵਿਰੁੱਧ ਸੀਬੀਆਈ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਂਝ ਵੀ ਨਵਜੋਤ ਸਿੰਘ ਸਿੱਧੂ ਮੰਤਰੀ ਮੰਡਲ ਵਿੱਚ ਆਪਣੇ ਪੱਖੀ ਵਿਧਾਇਕ ਸ਼ਾਮਿਲ ਕਰਾਉਣ ਲਈ ਹਾਈਕਮਾਂਡ ਕੋਲ ਪਹੁੰਚ ਕਰਨ ਲੱਗ ਪਏ ਹਨ। ਮੰਤਰੀ ਮੰਡਲ ਵਿੱਚ ਫੇਰਬਦਲ ਦਾ ਅਧਿਕਾਰ ਹਾਲਾਂਕਿ ਮੁੱਖ ਮੰਤਰੀ ਕੋਲ ਹੁੰਦਾ ਹੈ ਪਰ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਦੀ ਘੱਟ ਹੀ ਪੁੱਗਦੀ ਲੱਗਦੀ ਹੈ।