ਤੁਰਕੀ ਵਿੱਚ ਸੋਮਵਾਰ ਤੜਕੇ ਆਉਣ ਵਾਲੇ ਭੂਚਾਲ ਨੇ ਤੁਰਕੀ ਤੇ ਸੀਰੀਆ ਦੇ ਹਜ਼ਾਰਾਂ ਬਾਸ਼ਿੰਦਿਆਂ ਦੀ ਜ਼ਿੰਦਗੀ ਬਦਲ ਦਿੱਤੀ। ਜਿਨ੍ਹਾਂ ਘਰਾਂ ਵਿੱਚ ਲੋਕ ਰਾਤ ਨੂੰ ਆਰਾਮ ਨਾਲ ਸੁੱਤੇ ਸਨ, ਸਵੇਰ ਹੋਣ ਤੋਂ ਪਹਿਲਾਂ ਉਹ ਮਲਬੇ ਵਿੱਚ ਬਦਲ ਗਏ। ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਤੋਂ ਬਾਅਦ ਲਗਾਤਾਰ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਪਰ ਭੂਚਾਲ ਮਗਰੋਂ ਪਏ ਮੀਂਹ ਕਾਰਨ ਰਾਹਤ ਕਾਰਜਾਂ ਵਿਚ ਰੁਕਾਵਟ ਪਈ ਹੈ। ਆਖਰੀ ਰਿਪੋਰਟਾਂ ਮਿਲਣ ਤੱਕ ਦੋਵਾਂ ਮੁਲਕਾਂ ਵਿਚ 5000 ਤੋਂ ਵੱਧ ਲੋਕ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਸੋਮਵਾਰ ਤੜਕੇ ਸਵੇਰੇ 4.17 ਵਜੇ ਆਏ ਭੂਚਾਲ ਦੀ ਤੀਬਰਤਾ ਗਾਜ਼ੀਆਨਟੇਪ ਨੇੜੇ 7.8 ਸੀ ਅਤੇ ਇਸ ਨੇ ਸੁੱਤੇ ਪਏ ਲੋਕ ਹੀ ਦੱਬ ਲਏ। ਸੋਮਵਾਰ ਨੂੰ ਦੁਪਹਿਰ ਸਥਾਨਕ ਸਮੇਂ ਮੁਤਾਬਕ 1.30 ਵਜੇ 7.5 ਤੀਬਰਤਾ ਵਾਲਾ ਛੋਟਾ ਝਟਕਾ ਲੱਗਿਆ।
ਤੁਰਕੀ ਵਿੱਚ 3419 ਲੋਕ ਮਾਰੇ ਗਏ, ਜਦਕਿ 20,000 ਜ਼ਖ਼ਮੀ ਹਨ, 6000 ਇਮਾਰਤਾਂ ਢਹਿ ਗਈਆਂ ਹਨ। ਸੀਰੀਆ ਵਿੱਚ ਵੀ 1602 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਦੋਵਾਂ ਮੁਲਕਾਂ ਵਿਚ ਹਜ਼ਾਰਾਂ ਇਮਾਰਤਾਂ ਡਿੱਘਣ ਕਾਰਨ ਦੱਬੇ ਹਜ਼ਾਰਾ ਲੋਕਾਂ ਨੂੰ ਜ਼ਿਉਂਦੇ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਜੰਗੀ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ। ਤੁਰਕੀ ਵਲੋਂ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਤੋਂ ਬਾਅਦ ਅਮਰੀਕਾ ਅਤੇ ਇੰਗਲੈਂਡ ਰਾਹਤ ਸਮੱਗਰੀ ਅਤੇ ਸਾਜ਼ੋ-ਸਮਾਨ ਭੇਜ ਰਹੇ ਹਨ।
ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਏਜੰਸੀ AFAD ਨੇ ਆਪਣੇ ਤਾਜ਼ਾ ਅਪਡੇਟ ਵਿੱਚ ਕਿਹਾ ਹੈ ਕਿ 65 ਦੇਸ਼ਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ 2,660 ਕਰਮਚਾਰੀ ਭੇਜੇ ਹਨ। ਤੁਰਕੀ ਦੇ ਬਚਾਅ ਕਰਮੀਆਂ ਦੇ ਨਾਲ, 13,740 ਲੋਕ ਪਹਿਲਾਂ ਹੀ ਪ੍ਰਭਾਵਿਤ ਖੇਤਰ ਵਿੱਚ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਰਾਹਤ ਕਰਮਚਾਰੀ 629 ਕ੍ਰੇਨਾਂ ਅਤੇ 360 ਵਾਹਨਾਂ ਦੀ ਵਰਤੋਂ ਕਰ ਰਹੇ ਹਨ। ਪ੍ਰਭਾਵਿਤ ਲੋਕਾਂ ਨੂੰ 300,000 ਕੰਬਲ, 41,504 ਪਰਿਵਾਰਕ ਟੈਂਟ, ਹੀਟਰ ਅਤੇ ਰਸੋਈ ਦੇ ਸੈੱਟ ਵੰਡੇ ਗਏ ਹਨ।
ਭਾਰਤ ਵੱਲੋਂ ਵੀ ਐੱਨਡੀਆਰਐੱਫ ਦੀਆਂ ਵਿਸ਼ੇਸ਼ ਖੋਜ ਅਤੇ ਬਚਾਅ ਟੀਮਾਂ, ਜਿਸ ਵਿੱਚ ਪੁਰਸ਼ ਅਤੇ ਮਹਿਲਾ ਕਰਮਚਾਰੀ, ਕੁੱਤਿਆਂ ਦੇ ਦਸਤੇ, ਮੈਡੀਕਲ ਸਪਲਾਈ, ਉੱਨਤ ‘ਡਰਿਲਿੰਗ’ ਉਪਕਰਣ ਅਤੇ ਰਾਹਤ ਕਾਰਜਾਂ ਲਈ ਲੋੜੀਂਦੇ ਹੋਰ ਸਾਜ਼ੋ ਸਾਮਾਨ ਦੀ ਮਦਦ ਭੇਜੀ ਗਈ ਹੈ। ਭਾਰਤ ਵਿੱਚ ਤੁਰਕੀ ਦੇ ਰਾਜਦੂਤ ਫਿਰਤ ਸੁਨੇਲ ਨੇ ਮੰਗਲਵਾਰ ਨੂੰ ਤੁਰਕੀ ਵਿੱਚ NDRF ਟੀਮਾਂ ਦੇ ਪਹੁੰਚਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਹੈ ਕਿ ਲੋੜਵੰਦ ਦੀ ਮਦਦ ਕਰਨ ਵਾਲਾ ਦੋਸਤ ਸੱਚਮੁੱਚ ਦੋਸਤ ਹੁੰਦਾ ਹੈ। ਆਗਰਾ ਦੇ ਆਰਮੀ ਫੀਲਡ ਹਸਪਤਾਲ ਤੋਂ 89 ਲੋਕਾਂ ਦੀ ਮੈਡੀਕਲ ਟੀਮ ਰਾਹਤ ਕਾਰਜਾਂ ਲਈ ਰਵਾਨਾ ਹੋ ਗਈ ਹੈ। ਇਸ ਟੀਮ ਵਿੱਚ ਕਈ ਮੈਡੀਕਲ ਮਾਹਿਰ ਸ਼ਾਮਲ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਤੁਰਕੀ ਅਤੇ ਸੀਰੀਆ ’ਚ ਭੁਚਾਲ ਆਉਣ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਧਾਮੀ ਨੇ ਭਾਰਤ ਵਿਚ ਤੁਰਕੀ ਦੇ ਅੰਬੈਸਡਰ ਫਿਰਾਤ ਸੁਨੇਲ, ਤੁਰਕੀ ਵਿਚ ਭਾਰਤ ਦੇ ਅੰਬੈਸਡਰ ਡਾ. ਵਰਿੰਦਰਪਾਲ, ਸੀਰੀਆ ਵਿਚ ਭਾਰਤ ਦੀ ਅੰਬੈਂਸੀ ਦੇ ਇੰਚਾਰਜ ਸੁਰਿੰਦਰ ਕੁਮਾਰ ਯਾਦਵ ਅਤੇ ਭਾਰਤ ਵਿਚ ਸੀਰੀਆ ਦੇ ਐਬੰਸਡਰ ਡਾ. ਬੱਸਮ ਸਿਫੇਦੀਨ ਅਲਖਾਤਿਬ ਨੂੰ ਪੱਤਰ ਲਿਖ ਕੇ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ‘ਵੰਡ ਛਕਣਾ’ ਅਤੇ ‘ਸਰਬੱਤ ਦਾ ਭਲਾ’ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤੇ ਮਹੱਤਵਪੂਰਨ ਸਿਧਾਂਤ ਹਨ ਅਤੇ ਇਸੇ ਦੀ ਰੌਸ਼ਨੀ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਲੋੜਵੰਦਾਂ ਦੀ ਸਹਾਇਤਾ ਲਈ ਕਾਰਜ ਕਰਦੀ ਹੈ।