‘ਦ ਖ਼ਾਲਸ ਬਿਊਰੋ :- ਕੇਂਦਰੀ ਸਿੱਖਿਆ ਮੰਤਰਾਲੇ ਅਤੇ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਐਂਡ ਰਿਸਰਚ ਟਰੇਨਿੰਗ (ਐਨਸੀਈਆਰਟੀ) ਨੇ ਫਾਉਂਡੇਸ਼ਨ ਲਰਨਿੰਗ ਸਟੱਡੀ 2022 ਦੀ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਖੁਲਾਸਾ ਹੋਇਆ ਹੈ ਕਿ ਕਲਾਸ 3 ਦੇ ਵਿਦਿਆਰਥੀਆਂ ’ਤੇ ਕੀਤੇ ਗਏ ਕੌਮੀ ਸਰਵੇਖਣ ਵਿਚ ਪੰਜਾਬ ਦੇ ਵਿਦਿਆਰਥੀ ਦਿੱਲੀ ਵਾਲਿਆਂ ਨਾਲੋਂ ਅੱਗੇ ਹਨ। ਇਸ ਹਿਸਾਬ ਨਾਲ ਪੰਜਾਬ ਦੇ ਸਕੂਲੀ ਵਿਦਿਆਰਥੀ ਇਕ ਵਾਰ ਫਿਰ ਤੋਂ ਕੌਮੀ ਸਰਵੇਖਣ ਵਿਚ ਦਿੱਲੀ ਦੇ ਵਿਦਿਆਰਥੀਆਂ ਤੋਂ ਅੱਗੇ ਲੰਘ ਗਏ ਹਨ।

ਸਰਵੇਖਣ ਵਿਚ 10 ਹਜ਼ਾਰ ਸਕੂਲਾਂ ਦੇ 86 ਹਜ਼ਾਰ ਬੱਚਿਆਂ ਦਾ ਸੈਂਪਲ ਲਿਆ ਗਿਆ। ਪੰਜਾਬ ਵਿਚ 3 ਹਜ਼ਾਰ 233 ਵਿਦਿਆਰਥੀਆਂ ਦਾ ਮੈਥ, ਇੰਗਲਿੰਗ, ਹਿੰਦੀ ਤੇ ਪੰਜਾਬੀ ਵਿਚ 320 ਸਕੂਲਾਂ ਵਿਚ ਸੈਂਪਲ ਲਿਆ ਗਿਆ। ਇਸ ਵਿਚ ਖੁਲਾਸਾ ਹੋਇਆ ਕਿ ਪੰਜਾਬ ਦੇ ਵਿਦਿਆਰਥੀ ਦਿੱਲੀ ਦੇ ਵਿਦਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਹੁਸ਼ਿਆਰ ਹਨ।

ਇਸ ਸਰਵੇਖਣ ਮਗਰੋਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ।

ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਵਧਾਈ ਦਿੰਦਿਆਂ ਟਵੀਟ ਕੀਤਾ ਕਿ FLS 22 ਦੀ ਰਿਪੋਰਟ ਅਨੁਸਾਰ ਪੰਜਾਬ ਦੇ ਸਿੱਖਿਆ ਮਾਡਲ ਨੇ ਇੱਕ ਵਾਰ ਫਿਰ ਅਖੌਤੀ ਦਿੱਲੀ ਮਾਡਲ ਨੂੰ ਮਾਤ ਦਿੱਤੀ ਹੈ। ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਤੰਜ ਕਸਦਿਆਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਨੋਬਲ ਨਹੀਂ ਢਾਹੁਣਗੇ, ਜਿਵੇਂ ਉਨ੍ਹਾਂ ਨੇ ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ NAS ਰਿਪੋਰਟ ਦੀ ਝੂਠੀ ਨਿੰਦਾ ਕਰਦੇ ਹੋਏ ਕੀਤਾ ਸੀ।