Punjab

ਕੌਮੀ ਇਨਸਾਫ਼ ਮੋਰਚੇ ਨੇ ਲਾਇਆ ਪੰਜਾਬ ਦੇ ਪਿੰਡਾਂ ਦੇ ਨਾਂ ਵੱਡਾ ਸੁਨੇਹਾ,ਕਿਹਾ ਹਰ ਸੰਭਵ ਸਾਧਨ ਰਾਹੀਂ ਸਹਿਯੋਗ ਕਰੋ

ਮੁਹਾਲੀ :  ਨਿਹੰਗ ਮੁਖੀ ਬਾਬਾ ਰਾਜਾਰਾਜ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ  ਇਹ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਮੋਰਚੇ ਨੂੰ ਖਦੇੜਨਾ ਚਾਹੁੰਦੀ ਹੈ। ਇਸ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਕੌਮੀ ਇਨਸਾਫ਼ ਮੋਰਚੇ ਦੀ ਹੋਈ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਐਲਾਨ ਕੀਤਾ ਹੈ ਕਿ ਨਿਹੰਗ ਜਥੇਬੰਦੀਆਂ ਮੋਰਚਾ ਛੱਡ ਕੇ ਕੀਤੇ ਵੀ ਨਹੀਂ ਜਾਣਗੀਆਂ ਤੇ ਮੋਰਚੇ ਵਿੱਚ ਆ ਰਹੀ ਸੰਗਤ ਦੀ ਸੁਰੱਖਿਆ ਕਰਦੀਆਂ ਰਹਿਣਗੀਆਂ।

ਉਹਨਾਂ ਵੱਧ ਤੋਂ ਵੱਧ ਸੰਗਤ ਨੂੰ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਹੈ।ਸਰਕਾਰ ਤੇ ਵਰਦਿਆਂ ਉਹਨਾਂ ਸਵਾਲ ਵੀ ਕੀਤਾ ਕਿ 24 ਘੰਟਿਆਂ ਵਿੱਚ ਸਰਕਾਰ ਨੇ ਇਨਸਾਫ਼ ਦੇਣ ਦੀ ਗੱਲ ਕੀਤੀ ਸੀ ਪਰ ਸਾਲ ਬੀਤ ਗਿਆ ਹੈ ਪਰ ਇਨਸਾਫ਼ ਕਿਤੇ ਵੀ ਨਹੀਂ ਦਿੱਖ ਰਿਹਾ ਹੈ।

ਇਸ ਪ੍ਰੈਸ ਕਾਨਫਰੰਸ ਵਿੱਚ ਮੋਰਚੇ ਦੇ ਆਗੂਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਮੋਰਚੇ ਵਿੱਚ ਸ਼ਾਮਲ ਨਿਹੰਗ ਸਿੰਘਾਂ ਤੇ ਹੋਰ ਆਗੂਆਂ ਦੇ ਪਰਿਵਾਰਾਂ ਨੂੰ ਪੁਲਿਸ ਨਾਜਾਇਜ਼ ਤੰਗ ਕਰ ਰਹੀ ਹੈ,ਜੋ ਕਿ ਬੜੀ ਮਾੜੀ ਗੱਲ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਹੋਰ ਬਲ ਤੇ ਗੱਡੀਆਂ ਮੰਗਾਈਆਂ ਗਈਆਂ ਹਨ। ਜਿਸ ਨਾਲ ਇਹ ਗੱਲ ਸਾਬਤ ਹੁੰਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਇਰਾਦੇ ਠੀਕ ਨਹੀਂ ਹਨ।

ਚੰਡੀਗੜ੍ਹ ਪੁਲਿਸ ਵਲੋਂ ਬੁਧਵਾਰ ਨੂੰ ਵਿਗੜੇ ਹਾਲਾਤਾਂ ਦੇ ਜਿੰਮੇਵਾਰ ਬਣਾ ਕੇ ਪੇਸ਼ ਕੀਤੇ ਗਏ 10 ਵਿਅਕਤੀਆਂ ਸੰਬੰਧਿਤ ਇਸ਼ਤਿਹਾਰ ਜਾਰੀ ਕੀਤੇ ਜਾਣ ਇਹਨਾਂ ‘ਤੇ ਇਨਾਮ ਰਖੇ ਜਾਣ ‘ਤੇ ਵੀ ਮੋਰਚੇ ਵੱਲੋਂ ਸਵਾਲ ਚੁਕੇ ਗਏ ਹਨ ਕਿ ਬਹਿਬਲ ਕਲਾਂ ਵਿੱਚ ਨਿਰਦੋਸ਼ ਸਿੱਖ ਸੰਗਤ ‘ਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਪੋਸਟਰ ਹਾਲੇ ਤੱਕ ਕਿਉਂ ਨਹੀਂ ਲੱਗੇ ਹਨ? । ਪੁਲਿਸ ਨੋਜਵਾਨਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੋਰਚੇ ਦੀ ਇੱਕ ਕਾਨੂੰਨੀ ਟੀਮ ਬਣਾਈ ਜਾ ਰਹੀ ਹੈ ਤਾਂ ਜੋ ਇਸ ਮਸਲੇ ਨਾਲ ਨਿਬੜਿਆ ਜਾ ਸਕੇ।

ਮੋਰਚੇ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਰੇਕ ਪਿੰਡ ਵਿਚੋਂ ਘੱਟ ਤੋਂ ਘੱਟ 5 ਵਿਅਕਤੀ ਜਰੂਰ ਮੋਰਚੇ ਵਿੱਚ ਪਹੁੰਚਣ ਤੇ ਜਿਹੜੇ ਪਹੁੰਚ ਨਹੀਂ ਸਕਦੇ,ਉਹ ਹਰ ਸੰਭਵ ਸਾਧਨ ਰਾਹੀਂ ਸਹਿਯੋਗ ਕਰਨ ।