Punjab

ਨਕੋਦਰ ਮਾਮਲਾ – ਜਖ਼ਮੀ ਪੁਲਿਸ ਮੁਲਾਜ਼ਮ ਦੀ ਇਲਾਜ ਦੌਰਾਨ ਹੋਈ ਮੌਤ , ਮਾਨ ਸਰਕਾਰ ਨੇ ਕੀਤਾ ਇਹ ਐਲਾਨ

Nakodar case - An injured policeman died during treatment Mann government announced this

ਜਲੰਧਰ ਦੇ ਹਲਕਾ ਨਕੋਦਰ ‘ਚ 30 ਲੱਖ ਦੀ ਫਿਰੌਤੀ ਨਾ ਦੇਣ ‘ਤੇ ਬੀਤੀ ਦੇਰ ਸ਼ਾਮ ਇਕ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਕਾਂਡ ‘ਚ ਕੱਪੜਾ ਕਾਰੋਬਾਰੀ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਮਾਰੀ ਗਈ ਸੀ। ਹਾਲਾਂਕਿ ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਨਕੋਦਰ ਤੋਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ।

ਇਸ ਸੰਬੰਧ ਵਿੱਚ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਜਖ਼ਮੀ ਮੁਲਾਜ਼ਮ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੇ ਵੀ ਟਵੀਟ ਕਰਦਿਆਂ ਜਵਾਨ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਗੰਨਮੈਨ ਮਨਦੀਪ ਸਿੰਘ ਨੇ ਡਿਊਟੀ ਦੌਰਾਨ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਮਨਦੀਪ ਸਿੰਘ ਨੂੰ 1 ਕਰੋੜ ਰੁਪਏ ਦੀ ਗ੍ਰੇਸ਼ੀਆ ਰਾਸ਼ੀ ਅਦਾ ਕਰੇਗੀ। ਇਸ ਦੇ ਨਾਲ ਹੀ HDFC ਬੈਂਕ ਵੱਲੋਂ ਮਨਦੀਪ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਬੀਮਾ ਭੁਗਤਾਨ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ 30 ਲੱਖ ਦੀ ਫ਼ਿਰੌਤੀ ਨਾ ਦੇਣ ‘ਤੇ ਸ਼ਰੇਆਮ ਨਕੋਦਰ ਦੇ ਕੱਪੜਾ ਕਾਰੋਬਾਰੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਕੱਪੜਾ ਕਾਰੋਬਾਰੀ ਦਾ ਗੰਨਮੈਨ ਮਨਦੀਪ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨਕੋਦਰ ਦੇ ਕੁਝ ਹੋਰ ਲੋਕਾਂ ਨੂੰ ਵੀ ਫਿਰੌਤੀ ਦੇ ਫੋਨ ਆਏ ਹਨ।