India

ਗੁਜਰਾਤ ‘ਚ 7ਵੀਂ ਵਾਰ BJP ਦੀ ਸਰਕਾਰ, ਤੈਅ ਹੋਇਆ ਸਹੁੰ ਚੁੱਕ ਸਮਾਗਮ, PM ਮੋਦੀ ਹੋਣਗੇ ਸ਼ਾਮਲ

Himachal Pradesh Assembly Elections 2022, BJP, Gujrat results

Gujarat Election Result 2022 : ਗੁਜਰਾਤ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਗਵਾ ਪਾਰਟੀ ਇੱਥੇ 7ਵੀਂ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਸਹੁੰ ਚੁੱਕ ਸਮਾਗਮ 12 ਦਸੰਬਰ ਨੂੰ ਹੋਵੇਗਾ। ਇਸ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਿਰਕਤ ਕਰਨਗੇ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੇ ਐਲਾਨ ਕੀਤਾ ਹੈ ਕਿ ਗੁਜਰਾਤ ਵਿੱਚ 12 ਦਸੰਬਰ ਨੂੰ ਸਹੁੰ ਚੁੱਕ ਸਮਾਗਮ ਹੋਵੇਗਾ ਅਤੇ ਭੂਪੇਂਦਰਭਾਈ ਪਟੇਲ ਮੁੱਖ ਮੰਤਰੀ ਬਣਨਗੇ।

ਮੀਡੀਆ ਰਿਪੋਰਟ ਮੁਤਾਬਿਕ ਪ੍ਰਦੇਸ਼ ਭਾਜਪਾ ਪ੍ਰਧਾਨ ਸੀਆਰ ਪਾਟਿਲ ਨੇ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ 12 ਦਸੰਬਰ ਨੂੰ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ।

ਕਿਸ ਪਾਰਟੀ ਨੂੰ ਵਿਰੋਧੀ ਮੰਨਿਆ ਜਾਵੇ ਤਾਂ ਇਸ ਦੇ ਜਵਾਬ ਵਿੱਚ ਸੀਆਰ ਪਾਟਿਲ ਨੇ ਕਿਹਾ ਕਿ ‘ਅਸੀਂ ਸਿਰਫ ਕਾਂਗਰਸ ਨੂੰ ਹੀ ਵਿਰੋਧੀ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕੌਮੀ ਪਾਰਟੀ ਸੀ, ਪਰ ਹੁਣ ਖ਼ਤਮ ਹੋ ਰਹੀ ਹੈ। ਆਮ ਆਦਮੀ ਪਾਰਟੀ ਕੋਲ ਇੱਥੇ ਕੁਝ ਵੀ ਨਹੀਂ ਸੀ। ਉਸ ਵੱਲੋਂ ਅਜਿਹੇ ਵਾਅਦੇ ਕੀਤੇ ਗਏ ਸਨ, ਜੋ ਜ਼ਮੀਨ ‘ਤੇ ਨਹੀਂ ਉਤਰ ਸਕਦੇ।’ ਦੱਸ ਦੇਈਏ ਕਿ ਇਹ ਸਹੁੰ ਚੁੱਕ ਸਮਾਗਮ ਗਾਂਧੀਨਗਰ ਹੈਲੀਪੈਡ ਗਰਾਊਂਡ ‘ਚ ਹੋਵੇਗਾ।

ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਪਾਰਟੀ ਨੇ ਸੂਬੇ ‘ਚ 155 ਸੀਟਾਂ ‘ਤੇ ਲੀਡ ਲੈ ਲਈ ਹੈ, ਜਦਕਿ ਵਿਰੋਧੀ ਧਿਰ ਕਾਂਗਰਸ ਕਾਫੀ ਪਿੱਛੇ ਹੈ। ਕਾਂਗਰਸ ਨੂੰ ਹੁਣ ਤੱਕ ਸਿਰਫ 18 ਸੀਟਾਂ ‘ਤੇ ਹੀ ਜਿੱਤ ਮਿਲੀ ਹੈ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਪਾਰਟੀ ਹੁਣ ਤੱਕ ਸਿਰਫ਼ ਛੇ ਸੀਟਾਂ ਹੀ ਜਿੱਤ ਸਕੀ ਹੈ। ਇਹ ਸਪੱਸ਼ਟ ਹੈ ਕਿ ਭਾਜਪਾ ਗੁਜਰਾਤ ਵਿੱਚ ਮੁੜ ਸੱਤਾ ਵਿੱਚ ਵਾਪਸੀ ਕਰ ਰਹੀ ਹੈ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾਵਾਂ ਦੇ ਨਾਲ-ਨਾਲ ਛੇ ਵਿਧਾਨ ਸਭਾ ਅਤੇ ਇੱਕ ਲੋਕ ਸਭਾ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹਿਮਾਚਲ ਪ੍ਰਦੇਸ਼ ਵਿੱਚ 68, ਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ਹਨ। ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਈਵੀਐਮ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। 5 ਦਸੰਬਰ ਨੂੰ ਪੋਲਿੰਗ ਖਤਮ ਹੋਣ ਤੋਂ ਬਾਅਦ ਜ਼ਿਆਦਾਤਰ ਐਗਜ਼ਿਟ ਪੋਲ ਗੁਜਰਾਤ ‘ਚ ਭਾਜਪਾ ਦੀ ਮੁੜ ਸਰਕਾਰ ਬਣਾਉਣ ਦੀ ਭਵਿੱਖਬਾਣੀ ਕੀਤੀ, ਜਦਕਿ ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਗੁਜਰਾਤ ‘ਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ‘ਚ ਵੋਟਿੰਗ ਹੋਈ ਸੀ, ਜਦਕਿ ਹਿਮਾਚਲ ਪ੍ਰਦੇਸ਼ ‘ਚ 12 ਨਵੰਬਰ ਨੂੰ ਸਾਰੀਆਂ 68 ਸੀਟਾਂ ‘ਤੇ ਇਕੋ ਪੜਾਅ ‘ਚ ਵੋਟਿੰਗ ਹੋਈ ਸੀ। ਪਿਛਲੀਆਂ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 99 ਅਤੇ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੇ 44 ਸੀਟਾਂ ਜਿੱਤ ਕੇ ਸਰਕਾਰ ਬਣਾਈ ਹੈ, ਜਦਕਿ ਕਾਂਗਰਸ ਸਿਰਫ਼ 21 ਸੀਟਾਂ ਹੀ ਜਿੱਤ ਸਕੀ ਹੈ।