India Punjab

ਪਟਿਆਲਾ ਤੋਂ MP ਪ੍ਰਨੀਤ ਕੌਰ ਵੱਲੋਂ PM ਮੋਦੀ ਤੋਂ ਮੰਗ , ਕਿਹਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾਵੇ ਆਰਥਿਕ ਮਦਦ

MP Praneet Kaur from Patiala demanded from PM Modi that the flood affected people should be given financial help

ਪਟਿਆਲਾ : ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ ਕੀਤੀ ਹੈ ।

ਪ੍ਰਧਾਨ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿੱਚ ਸੰਸਦ ਮੈਂਬਰ ਨੇ ਲਿਖਿਆ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, ਲਗਾਤਾਰ ਆਏ ਹੜ੍ਹਾਂ ਨੇ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ, ਜਿਸ ਵਿੱਚ ਮੇਰਾ ਹਲਕਾ ਪਟਿਆਲਾ ਵੀ ਸ਼ਾਮਲ ਹੈ, ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ । ਲਗਭਗ 500 ਪਿੰਡ ਤਬਾਹ ਹੋ ਗਏ ਹਨ ਅਤੇ 1.25 ਲੱਖ ਏਕੜ ਖੇਤਾਂ ਦੀਆਂ ਜ਼ਮੀਨਾਂ ਅਜੇ ਵੀ ਡੂੰਘੇ ਪਾਣੀਆਂ ਦੀ ਮਾਰ ਹੇਠ ਹਨ । ਪਟਿਆਲਾ ਸ਼ਹਿਰ, ਕਈ ਕਸਬੇ ਅਤੇ ਹਲਕੇ ਦੀ ਵੱਡੀ ਗਿਣਤੀ ਬਸਤੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

ਫ਼ਸਲਾਂ ਦੇ ਨੁਕਸਾਨ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੇ ਅੱਗੇ ਲਿਖਿਆ ਕਿ ਸਾਉਣੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਘੱਗਰ ਨਦੀ ਦੁਆਰਾ ਲਿਆਂਦੀ ਗਈ ਤਿੰਨ ਫੁੱਟ ਤੋਂ ਵੱਧ ਰੇਤ ਅਤੇ ਗਾਦ ਸਾਰੇ ਖੇਤਾਂ ਵਿੱਚ ਜਮ੍ਹਾ ਹੋ ਗਈ ਹੈ, ਜਿਸ ਨਾਲ ਝੋਨੇ ਅਤੇ ਹੋਰ ਫ਼ਸਲਾਂ ਦੀ ਦੁਬਾਰਾ ਬਿਜਾਈ ਦੇ ਬਹੁਤ ਘੱਟ ਮੌਕੇ ਬਚੇ ਹਨ ਅਤੇ ਜ਼ਮੀਨਾਂ ‘ਤੇ ਮੁੜ ਦਾਅਵਾ ਕਰਨਾ ਤੁਰੰਤ ਸੰਭਵ ਨਹੀਂ ਹੈ । ਇਸ ਲਈ ਬਹੁਤ ਮਿਹਨਤ ਅਤੇ ਫੰਡਾ ਦੀ ਵੀ ਲੋੜ ਹੈ । ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਨੇ ਇਨ੍ਹਾਂ ਲੋਕਾਂ ਦੀ ਨਿਰਾਸ਼ਾ ਨੂੰ ਹੋਰ ਵਧਾ ਦਿੱਤਾ ਹੈ।

ਪੰਜਾਬ ਲਈ ਇਕ ਵਾਰ ਦੀ ਵਿਸ਼ੇਸ਼ ਸਹਾਇਤਾ ਪੈਕੇਜ ਦੀ ਬੇਨਤੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿੱਥੇ ਮੈਂ ਆਫ਼ਤ ਨਾਲ ਨਜਿੱਠਣ ਲਈ ਵੱਖ-ਵੱਖ ਉਪਾਅ ਕਰਨ ਲਈ ਪੰਜਾਬ ਰਾਜ ਨੂੰ 218.40 ਕਰੋੜ ਰੁਪਏ ਭੇਜਣ ਲਈ ਤੁਹਾਡਾ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗੀ, ਮੈਂ ਇਸ ਲਈ ਸੁਝਾਅ ਵੀ ਦੇਣਾ ਚਾਹਾਂਗੀ ਕਿ ਕਿਸਾਨਾਂ ਨੂੰ ਇੱਕ ਵਿਸ਼ੇਸ਼ ਯਕਮੁਸ਼ਤ ਸਹਾਇਤਾ ਸਿੱਧੀ ਦਿੱਤੀ ਜਾਵੇ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਜਾਰੀ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੂੰ ਖੇਤ ਮਜ਼ਦੂਰਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਤਬਕੇ ਨਾਲ ਸਬੰਧਿਤ ਲੋਕਾਂ ਲਈ ਪੈਕੇਜ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ਖੇਤ ਮਜ਼ਦੂਰਾਂ ਅਤੇ ਆਬਾਦੀ ਦੇ ਹੋਰ ਕਮਜ਼ੋਰ ਵਰਗਾਂ ਲਈ ਵੀ ਇਸੇ ਤਰ੍ਹਾਂ ਦੀ ਵਿਵਸਥਾ ‘ਤੇ ਵਿਚਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਆਪਣਾ ਘਰ ਅਤੇ ਘਰ ਅੰਦਰ ਆਉਂਦਾ ਸਾਰਾ ਸਮਾਨ ਪੂਰੀ ਤਰ੍ਹਾਂ ਗੁਆ ਦਿੱਤਾ ਹੈ।