India

ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਘੇਰਿਆ, ਸਿੱਖਾਂ ਲਈ ਕੀਤੇ ਕੰਮ ਗਿਣਾਏ

ਸਿੱਖਾਂ ਦੇ ਇਤਿਹਾਸਕ ਸ਼ਹਿਰ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਚੋਣ ਪ੍ਰਚਾਰ ਕਰਨ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਨਸਲਕੁਸ਼ੀ ਦੇ ਮੁੱਦੇ ‘ਤੇ ਕਾਂਗਰਸ ਨੂੰ ਘੇਰਿਆ ਅਤੇ ਸਿੱਖਾਂ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਕੰਮ ਗਿਣਵਾਏ । ਪੀਐੱਮ ਮੋਦੀ ਨੇ ਕਿਹਾ ਕਾਂਗਰਸ ਨੇ ਹਮੇਸ਼ਾ ਹੀ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਦਾ ਵਿਰੋਧ ਕੀਤਾ ਹੈ ਅਤੇ ਲਗਦਾ ਹੈ ਕਿ ਉਹ ਵੀ 1984 ਦਾ ਬਦਲਾ ਲੈ ਰਹੀ ਹੈ।

ਪੀਐੱਮ ਨੇ ਕਿਹਾ ਨਾਂਦੇੜ ਦੀ ਧਰਤੀ ਬਹੁਤ ਪਵਿੱਤਰ ਹੈ, ਇਹ ਧਰਤੀ ਸਿੱਖ ਗੁਰੂਆਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਜੀ ਦੀਆਂ ਸਿੱਖਿਆਵਾਂ ਸਾਡੀ ਸਰਕਾਰ ਲਈ ਮਾਰਗ ਦਰਸ਼ਕ ਰਹੀਆਂ ਹਨ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿੱਚ ਸਾਡੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਕਰਤਾਰਪੁਕ ਲਾਂਘੇ ਦੇ ਕੰਮ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਅਫ਼ਗਾਨਿਸਤਾਨ ਵਿੱਚ ਨਿਰਦੋਸ਼ਾਂ ਦੀ ਹੱਤਿਆ ਕੀਤੀ ਜਾ ਰਹੀ ਸੀ ਅਤੇ ਗੁਰੂ ਘਰਾਂ ਉੱਪਰ ਹਮਲੇ ਹੋ ਰਹੇ ਸਨ ਤਾਂ ਅਸੀ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਮਾਣ-ਮਰਿਆਦਾ ਨਾਲ ਭਾਰਤ ਲਿਆਂਦਾ।

ਪ੍ਰਧਾਨ ਮੰਤਰੀ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਇਸ ਕਾਨੂੰਨ ਨੂੰ ਲੈ ਕੇ ਆਈ ਹੈ, ਜਿਸ ਦਾ ਕਾਂਗਰਸ ਵਿਰੋਧ ਕਰ ਰਹੀ ਹੈ। ਜੇਕਰ ਨਾਗਰਿਕਤਾ ਸੋਧ ਕਾਨੂੰਨ ਨਾ ਹੁੰਦਾ ਤਾਂ ਅਫ਼ਗਾਨਿਸਤਾਨ ਤੋਂ ਆਏ ਸਿੱਖ ਭੈਣਾਂ-ਭਰਾਵਾਂ ਦਾ ਕੀ ਹਾਲ ਹੋਣਾ ਸੀ?  ਇਸ ਤਰ੍ਹਾਂ ਲੱਗਦਾ ਹੈ ਕਿ ਕਾਂਗਰਸ ਹੁਣ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ”।