ਪਾਣੀਪਤ : ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ(road accident) ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਜ਼ਿਲ੍ਹੇ ਦੇ ਪਿੰਡ ਬਰਾਨਾ ਵਿੱਚ ਵਾਪਰਿਆ। ਜਿੱਥੇ ਟਰੈਕਟਰ ਟਰਾਲੀ ਨੇ ਮਾਂ-ਪੁੱਤ ਨੂੰ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ 4 ਮਹੀਨੇ ਦੀ ਗਰਭਵਤੀ ਸੀ, ਜਦੋਂ ਕਿ ਉਸ ਦਾ ਬੇਟਾ ਡੇਢ ਸਾਲ ਦਾ ਸੀ। ਹਾਦਸੇ ਤੋਂ ਬਾਅਦ ਡਰਾਈਵਰ ਟਰੈਕਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਮੰਜੂ ਨਾਂ ਦੀ 28 ਸਾਲਾ ਔਰਤ ਆਪਣੇ ਭਰਾ ਅਤੇ ਡੇਢ ਸਾਲ ਦੇ ਬੱਚੇ ਨਾਲ ਬਾਈਕ ‘ਤੇ ਆਪਣੇ ਨਾਨਕੇ ਘਰ ਜਾ ਰਹੀ ਸੀ। ਉਦੋਂ ਅਚਾਨਕ ਪਿੰਡ ਬਰਾਨਾ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੇ ਦੋਵਾਂ ਨੂੰ ਪਹਿਲਾਂ ਟੱਕਰ ਮਾਰ ਦਿੱਤੀ ਅਤੇ ਫਿਰ ਉਨ੍ਹਾਂ ਨੂੰ ਲਤਾੜ ਕੇ ਫ਼ਰਾਰ ਹੋ ਗਿਆ। ਜਦੋਂ ਆਸਪਾਸ ਦੇ ਲੋਕਾਂ ਨੇ ਭੱਜ ਕੇ ਔਰਤ ਅਤੇ ਬੱਚੇ ਨੂੰ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਦੱਸ ਦੇਈਏ ਕਿ ਮ੍ਰਿਤਕ ਮੰਜੂ 4 ਮਹੀਨਿਆਂ ਦੀ ਗਰਭਵਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਨੇ ਟਰੈਕਟਰ ਚਾਲਕ ਨੂੰ ਰੋਕ ਲਿਆ ਸੀ। ਪਰ ਡਰਾਈਵਰ ਰਵਿੰਦਰ ਮੌਕਾ ਦੇਖ ਕੇ ਟਰੈਕਟਰ ਟਰਾਲੀ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਹੰਗਾਮਾ ਕਰ ਦਿੱਤਾ। ਪਿੰਡ ਵਾਸੀਆਂ ਨੇ ਸੜਕ ਜਾਮ ਕਰ ਦਿੱਤੀ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਬਰਾਨਾ ਵਿੱਚੋਂ ਰੇਤ ਦੀ ਖੱਡ ਵਿੱਚੋਂ ਆਉਣ ਵਾਲੇ ਟਰੈਕਟਰ ਟਰਾਲੀ ’ਤੇ ਪਾਬੰਦੀ ਲਗਾਈ ਜਾਵੇ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।