Punjab

ਮੂਸੇਵਾਲਾ ਕਤਲ: ਅਦਾਲਤ ਵੱਲੋਂ ਪੁਲਿਸ ਮੁਲਾਜ਼ਮ ਦੋ ਸਰਕਾਰੀ ਗਵਾਹਾਂ ਖ਼ਿਲਾਫ਼ ਵਾਰੰਟ ਜਾਰੀ

Moosewala

ਮਾਨਸਾ ਦੀ ਇੱਕ ਅਦਾਲਤ ਨੇ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸੀਆਈਏ ਦੀ ਹਿਰਾਸਤ ਵਿੱਚੋਂ ਮੁਲਜ਼ਮ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਅਦਾਲਤ ਕੋਲ ਆਪਣੇ ਬਿਆਨ ਦਰਜ ਕਰਨ ਲਈ ਪੇਸ਼ ਨਾ ਹੋਣ ਕਾਰਨ ਇੱਕ ਸੇਵਾਮੁਕਤ ਪੁਲਿਸ ਮੁਲਾਜ਼ਮ ਸਣੇ ਦੋ ਸਰਕਾਰੀ ਗਵਾਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਮੂਸੇਵਾਲਾ ਕਤਲ ਕਾਂਡ ਦਾ ਇਕ ਮੁਲਜ਼ਮ ਦੀਪਕ ਟੀਨੂੰ 1 ਅਕਤੂਬਰ, 2022 ਨੂੰ ਸੀਆਈਏ ਸਟਾਫ਼ ਮਾਨਸਾ ਦੀ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ। ਪੰਜਾਬ ਪੁਲਿਸ ਨੇ ਸੀਆਈਏ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਬਰਖਾਸਤ ਕਰ ਦਿਤਾ ਸੀ ਅਤੇ ਕਤਲ ਕੇਸ ਦੀ ਜਾਂਚ ਕਰ ਰਹੀ ਐਸਆਈਟੀ (ਸਿਟ) ਦਾ ਵੀ ਮੈਂਬਰ ਸੀ। ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਤੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਮਾਨਸਾ ਦੀ ਜ਼ਿਲ੍ਹਾ ਅਦਾਲਤ ਨੇ ਸੀਆਈਏ ਮਾਨਸਾ ਦੇ ਤਤਕਾਲੀ ਇੰਚਾਰਜ ਐਸਆਈ ਪ੍ਰਿਤਪਾਲ ਸਿੰਘ ਸਮੇਤ 10 ਵਿਅਕਤੀਆਂ ਵਿਰੁਧ ਦੋਸ਼ ਆਇਦ ਕੀਤੇ ਹਨ ਅਤੇ ਇਹ ਕੇਸ ਸਰਕਾਰੀ ਗਵਾਹਾਂ ਦੀ ਜ਼ਿਰਹਾ ਦੀ ਹਾਲਤ ਵਿਚ ਹੈ। ਜੁਡੀਸ਼ੀਅਲ ਮੈਜਿਸਟਰੇਟ ਕਰਨ ਅਗਰਵਾਲ ਦੀ ਅਦਾਲਤ ਨੇ ਹੁਕਮਾਂ ਵਿਚ ਕਿਹਾ,“ਇਸਤਗਾਸਾ ਪੱਖ ਦੇ ਗਵਾਹ ਸੇਵਾਮੁਕਤ ਇੰਸਪੈਕਟਰ ਕਰਮ ਸਿੰਘ ਅਤੇ ਆਰਟੀਓ ਕਲਰਕ ਮੁਹੰਮਦ ਗਰਗ ਲਈ ਬੰਨ੍ਹੇ ਜਾਣ ਦੇ ਬਾਵਜੂਦ ਅਦਾਲਤ ਵਿਚ ਹਾਜ਼ਰ ਨਹੀਂ ਹੋਏ।

ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਇਨ੍ਹਾਂ ਗਵਾਹਾਂ ਨੂੰ ਜ਼ਮਾਨਤੀ ਵਾਰੰਟਾਂ ਰਾਹੀਂ 5,000 ਦੀ ਰਕਮ ਵਿਚ 12 ਦਸੰਬਰ ਨੂੰ ਅਗਲੀ ਤਰੀਕ ਲਈ ਇਕ-ਇਕ ਜ਼ਮਾਨਤ ਦੇ ਨਾਲ ਤਲਬ ਕੀਤਾ ਜਾਵੇਗਾ।’’ ਦੀਪਕ ਟੀਨੂੰ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਕੀਤੇ ਗਏ 32 ਮੁਲਜ਼ਮਾਂ ਵਿਚੋਂ ਇਕ ਸੀ ਤੇ ਚਾਰਜਸ਼ੀਟ ਮੁਤਾਬਕ ਦੀਪਕ ਟੀਨੂੰ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਸਹਿਯੋਗੀ ਹੈ। ਦੀਪਕ ਟੀਨੂੰ ਵਿਰੁਧ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਵਿਚ ਕਤਲ ਸਮੇਤ 35 ਅਪਰਾਧਕ ਮਾਮਲੇ ਦਰਜ ਹਨ।