ਮਾਪਿਆਂ ਨੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸੜਕਾਂ ‘ਤੇ ਉਤਰਨ ਦਾ ਕੀਤਾ ਸੀ ਐਲਾਨ
ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਮਾਪਿਆਂ ਨੇ ਸੜਕਾਂ ‘ਤੇ ਉਤਰਨ ਦਾ ਫੈਸਲਾ ਲਿਆ ਸੀ।ਅਸਲੀ ਕਾਤਲਾਂ ਨੂੰ ਫੜਨ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਪਰਿਵਾਰ ਸਰਕਾਰ ਤੋਂ ਨਰਾਜ਼ ਹੈ ।ਇਸ ਲਈ ਸਿੱਧੂ ਦੇ ਮਾਪਿਆਂ ਨੇ ਇਨਸਾਫ਼ ਦੇ ਲਈ 25 ਮਾਰਚ ਨੂੰ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਸੀ ਤੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਨਸਾ ਦੇ ਲਕਸ਼ਮੀ ਨਰਾਇਣ ਮੰਦਰ ਤੋਂ ਲੈ ਕੇ ਪਿੰਡ ਜਵਾਹਰਕੇ ਦੀ ਉਸ ਥਾਂ ਤੱਕ ਕੱਢੇ ਜਾਣ ਵਾਲੇ ਕੈਂਡਲ ਮਾਰਚ ਵਿੱਚ ਸ਼ਾਮਲ ਹੋਣ,ਜਿੱਥੇ ਸਿੱਧੂ ਦਾ ਕਤਲ ਕੀਤਾ ਗਿਆ ਸੀ।
ਕੈਂਡਲ ਮਾਰਚ ਦੇ ਪ੍ਰੋਗਰਾਮ ਵਿੱਚ ਕੀਤੀ ਗਈ ਹੈ ਤਬਦੀਲੀ
ਹੁਣ ਪਰਿਵਾਰ ਨੇ ਕੈਂਡਲ ਮਾਰਚ ਦੇ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਕੀਤੀ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਥਾਂ ‘ਤੇ ਇਕੱਠਾ ਹੋਣ ਦੀ ਬਜਾਏ ਆਪੋ-ਆਪਣੇ ਇਲਾਕਿਆਂ ਵਿੱਚ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਲਈ ਕੈਂਡਲ ਮਾਰਚ ਕੱਢਣ।ਉਧਰ ਬੁੱਧਵਾਰ ਨੂੰ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਸਨ।
ਮਜੀਠੀਆ ਦੀ ਸਿੱਧੂ ਦੇ ਪਰਿਵਾਰ ਨਾਲ ਮੁਲਾਕਾਤ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਾਰਟੀ ਆਗੂਆਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਅਤੇ ਸਿੱਧੂ ਦੇ ਪਿਤਾ ਅਤੇ ਮਾਂ ਨਾਲ ਦੁੱਖ ਸਾਂਝਾ ਕੀਤਾ।ਉਨ੍ਹਾਂ ਨੇ ਫੇਸਬੁੱਕ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੇ ਸਮੁੱਚੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਵਾਹਿਗੁਰੂ ਮੂਸੇਵਾਲਾ ਦੇ ਮਾਪਿਆਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਮਜੀਠੀਆ ਵੀ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰ ਚੁੱਕੇ ਹਨ।ਉਨ੍ਹਾਂ ਨੇ ਮੰਗ ਕੀਤੀ ਸੀ ਕਿ ਜਿਸ ਅਫ਼ਸਰ ਦੀ ਸਿਫਾਰਿਸ਼ ‘ਤੇ ਸੁਰੱਖਿਆ ਵਾਪਸ ਲਈ ਗਈ ਹੈ,ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
ਹੁਣ ਤੱਕ ਇੰਨੇ ਮੁਲਜ਼ਮ ਗ੍ਰਿਫ਼ਤਾਰ
29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਨੇ 31 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ ਜਿੰਨਾਂ ਵਿੱਚੋਂ 22 ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਹਨਾਂ ਵਿੱਚੋਂ 3 ਸ਼ੂਟਰਾਂ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਫੜਿਆ ਹੈ,ਜਦੋਂ ਕਿ 2 ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਪੰਜਾਬ ਪੁਲਿਸ ਦੇ ਐਂਕਾਉਂਟਰ ਵਿੱਚ ਮਾਰੇ ਗਏ ਹਨ ਤੇ ਇੱਕ ਸ਼ੂਟਰ ਦੀ ਹਾਲੇ ਪੁਲਿਸ ਨੂੰ ਤਲਾਸ਼ ਹੈ।