Punjab

ਮਾੜੇ ਹਾਲਾਤਾਂ ਦੇ ਚੱਲਦਿਆਂ ਗਾਇਕ ਇੰਦਰਜੀਤ ਨਿੱਕੂ ਨੂੰ ਮਿਲਿਆ ਦਿਲਜੀਤ ਦੋਸਾਂਝ ਦਾ ਸਾਥ

ਆਪਣੀ ਅਗਲੀ ਫਿਲਮ ਵਿੱਚ ਨਿੱਕੂ ਦਾ ਗਾਣਾ ਲੈਣ ਦਾ ਕੀਤਾ ਵਾਅਦਾ

ਖਾਲਸ ਬਿਊਰੋ:ਪ੍ਰਸਿਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨਾਲ ਸਬੰਧਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸੰਗੀਤ ਇੰਡਸਟਰੀ ਵਿੱਚੋਂ ਉਸ ਲਈ ਹਮਾਇਤ ਦੀ ਆਵਾਜ਼ ਉਠਣ ਲੱਗੀ ਹੈ।ਡਾਂਸਿੰਗ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨਿੱਕੂ ਦਾ ਬਚਾਅ ਕਰਦੇ ਹੋਏ ਉਸ ਦੇ ਹੱਕ ਵਿੱਚ ਉਤਰ ਆਏ ਹਨ।

ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਕਿਹਾ ਹੈ “ਨਿੱਕੂ ਵੀਰੇ ਨੂੰ ਦੇਖ ਕੇ ਹੀ ਕਈ ਮੁੰਡਿਆਂ ਨੇ ਪੱਗ ਬਣਨੀ ਸ਼ੁਰੂ ਕੀਤੀ ਸੀ,ਜਿਹਨਾਂ ਚੋਂ ਇੱਕ ਮੈਂ ਵੀ ਹਾਂ”।

ਇਸ ਤੋਂ ਬਾਅਦ ਅੱਗੇ ਲਿਖਿਆ ਹੈ “ਵੀਰੇ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਆਪਣੀ ਅਗਲੀ ਆਉਣ ਵਾਲੀ ਕਿਸੇ ਵੀ ਫਿਲਮ ਵਿੱਚ ਤੁਹਾਡਾ ਗਾਣਾ ਜ਼ਰੂਰ ਲਵਾਂਗੇ”।


ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋਈ ਸੀ,ਜਿਸ ਵਿੱਚ ਨਿੱਕੂ ਇੱਕ ‘ਸਾਧ’ ਦੇ ਚਰਨੀ ਲੱਗ ਕੇ ਰੋਂਦੇ ਹੋਏ ਆਪਣੇ ਦੁੱਖ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਤੇ ਆਪਣੇ ਮਾੜੇ ਹਾਲਾਤਾਂ ਦਾ ਵੇਰਵਾ ਦੇ ਰਹੇ ਹਨ । ਉਹ ਸਾਧ ਵੀ ਉਹਨਾਂ ਨੂੰ ਸਭ ਕੁੱਝ ਠੀਕ ਹੋ ਜਾਣ ਦੀ ਤਸੱਲੀ ਦਿੰਦਾ ਦਿਖਾਈ ਦਿੰਦਾ ਹੈ।