Punjab

ਵਿਧਾਇਕ ਖਹਿਰਾ ਦੇ ਸਰਕਾਰਾਂ ‘ਤੇ ਵੱਡੇ ਇਲਜਾਮ,ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਿਆ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ ਚੱਲ ਰਿਹਾ ਕੇਸ ਰੱਦ ਹੋਣ ‘ਤੇ ਪ੍ਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।ਚੰਡੀਗੜ੍ਹ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਆਪਣੇ ਉੱਤੇ ਚਲੇ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਖਹਿਰਾ ਨੇ ਕਈ ਖੁਲਾਸੇ ਕੀਤੇ ਹਨ ਤੇ ਕਿਹਾ ਹੈ ਕਿ ਉਹਨਾਂ ‘ਤੇ ਬਣਾਏ ਗਏ ਕੇਸ ਵਿੱਚ 4 ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਸੀ।

ਉਹਨਾਂ ਦੱਸਿਆ ਕਿ ਸੰਨ 2015 ਵਿੱਚ ਗੁਰਦੇਵ ਸਿੰਘ ਨਾਮਕ ਵਿਅਕਤੀ ਤੇ ਹੋਰ 10 ਵਿਅਕਤੀਆਂ ‘ਤੇ ਨਸ਼ਿਆਂ ਸੰਬੰਧੀ ਕੇਸ ਦਰਜ ਕੀਤਾ ਗਿਆ ਸੀ। ਇਸ ਵਿਅਕਤੀ ਨੇ ਉਹਨਾਂ ਤੱਕ ਮਦਦ ਲਈ ਪਹੁੰਚ ਕੀਤੀ ਸੀ ਤੇ ਉਹਨਾਂ ਵੱਲੋਂ ਪੁਲਿਸ ਅਧਿਕਾਰੀ ਨੂੰ ਕੀਤੇ ਫੋਨ ਕਾਰਨ ਹੀ ਉਹਨਾਂ ਨੂੰ ਹੀ ਇਸ ਮਾਮਲੇ ਵਿੱਚ ਘੜੀਸ ਲਿਆ ਗਿਆ ਤੇ ਇਸ ਦੀ ਜਾਂਚ ਚੱਲ ਪਈ।

ਖਹਿਰਾ ਨੇ ਅੱਗੇ ਦੱਸਿਆ ਕਿ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਵਿਰੋਧੀ ਧਿਰ ਵਿੱਚ ਹੋਣ ਕਾਰਨ ਇੱਕ ਮੁੱਦਾ ਚੁੱਕਿਆ ਸੀ,ਜਿਸ ਤੋਂ ਬਾਅਦ ਗੁਰਦੇਵ ਸਿੰਘ ਵਾਲੇ ਕੇਸ ਨੂੰ ਅੱਗੇ ਲਿਆਂਦਾ ਗਿਆ ਤੇ ਉਹਨਾਂ ਖਿਲਾਫ ਝੂਠੀਆਂ ਗਵਾਹੀਆਂ ਦਿਵਾਇਆਂ ਗਈਆਂ। ਇਸ ਮਾਮਲੇ ਨੂੰ ਬਾਅਦ ਵਿੱਚ ਖਹਿਰਾ ਨੇ ਸੁਪਰੀਮ ਕੋਰਟ  ਵਿੱਚ ਚੁਣੌਤੀ ਦਿੱਤੀ। ਜਿਸ ਤੋਂ ਬਾਅਦ ਅਦਾਲਤ ਨੇ ਸਾਰੇ ਮਾਮਲੇ ‘ਤੇ ਰੋਕ ਲਗਾ ਦਿੱਤੀ। ਹੁਣ ਥੱਲੇ ਦੀ ਅਦਾਲਤ ਵਿੱਚ ਪੱਖਪਾਤੀ ਫੈਸਲਾ ਕਰਨ ਵਾਲੇ ਜੱਜ ਤੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਜਾਂਚ ਸ਼ੁਰੂ ਹੋ ਗਈ ਹੈ।

ਖਹਿਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਜਿਸ ਕੇਸ ‘ਤੇ ਰੋਕ ਲਾਈ ਸੀ,ਉਸ ਨੂੰ ਈਡੀ ਦੀ ਰਾਡਾਰ ‘ਤੇ ਲਿਆ ਕੇ ਉਹਨਾਂ ‘ਤੇ ਕੇਸ ਬਣਾ ਦਿੱਤਾ ਗਿਆ ਜਿਸ ਦਾ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਦਲਿਤ ,ਸਾਬਤ ਸੂਰਤ ਬੱਚਿਆਂ ਦੀ ਮਦਦ ਕਰਨ,ਦਿੱਲੀ ਵਿੱਖੇ 26 ਜਨਵਰੀ 2021 ਨੂੰ ਪੁਲਿਸ ਦੀ ਗੋਲੀ ਨਾਲ ਜਾਨ ਗਵਾਉਣ ਵਾਲੇ ਨਵਰੀਤ ਸਿੰਘ ਡਿਬਡਿਬਾ ਦੇ ਕੇਸ ਦੀ ਪੈਰਵਾਈ ਅਦਾਲਤ ਵਿੱਚ ਕਰਨ ਤੇ ਕਿਸਾਨ ਅੰਦੋਲਨ ਦੌਰਾਨ ਸਹਿਯੋਗ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਉਹਨਾਂ ਨੂੰ  ਨਿਸ਼ਾਨਾ ਬਣਾਇਆ ਹੈ।

ਇਥੇ ਖਹਿਰਾ ਨੇ ਅਰਵਿੰਦ ਕੇਜਰੀਵਾਲ ‘ਤੇ ਵੀ ਇਲਜ਼ਾਮ ਲਗਾਏ ਹਨ ਕਿ ਇਸੇ ਕੇਸ ਵਿੱਚ ਆਪ ਸੁਪਰੀਮੋ ਨੇ ਆਪਣੇ ਸਕੱਤਰ ਤੋਂ ਉਹਨਾਂ ਦੇ ਖਿਲਾਫ ਗਵਾਹੀ ਦੁਆਈ ਹੈ। ਇਸ ਤੋਂ ਇਲਾਵਾ ਉਹਨਾਂ ਇੱਕ ਹੋਰ ਵੀ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਹੋਈ ਸੀ।ਜਿਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਜੇਲ ਵਿੱਚ ਭੇਜ ਦਿੱਤਾ ਗਿਆ ਪਰ ਜੇਲ ਤੋਂ ਬਾਹਰ ਆਉਣ ਤੋਂ ਬਾਵਜੂਦ ਭੁਲੱਥ ਦੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਦਿਖਾਇਆ ਤੇ ਜਿਤਾਇਆ। ਖਹਿਰਾ ਨੇ ਮੁੱਖ ਮੰਤਰੀ ਮਾਨ ‘ਤੇ ਵੀ ਇਲਜ਼ਾਮ ਲਗਾਏ ਹਨ ਕਿ ਸੁਪਰੀਮ ਕੋਰਟ ਵਿੱਚ ਕੇਸ ਦੀ ਸੁਣਵਾਈ  ਤੇ ਦਸੰਬਰ 2022 ਵਿੱਚ ਭਗਵੰਤ ਸਿੰਘ ਮਾਨ ਨੇ ਆਪਣੇ ਐਡਵੋਕੇਟ ਜਰਨਲ ਰਾਹੀਂ ਉਹਨਾਂ ਨੂੰ ਕਾਨੂੰਨੀ ਰੂਪ ਵਿੱਚ ਨੁਕਸਾਨ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸੁਪਰੀਮ ਕੋਰਟ ਨੇ ਉਹਨਾਂ ਖਿਲਾਫ ਕੇਸਾਂ ਨੂੰ ਰੱਦ ਕਰ ਦਿੱਤਾ।

ਪੰਜਾਬ ਸਰਕਾਰ ਦੇ ਬਠਿੰਡਾ ਇਲਾਕੇ ਤੋਂ ਵਿਧਾਇਕ ਅਮਿਤ ਰਤਨ ਦੇ ਉਠੇ ਮਾਮਲੇ ‘ਤੇ ਖਹਿਰਾ ਨੇ ਸਵਾਲ ਕੀਤਾ ਹੈ ਕਿ ਇਹ ਕਿਦਾਂ ਹੋ ਸਕਦਾ ਹੈ ਕਿ ਵਿਧਾਇਕ ਦੀ ਹਾਜਰੀ ਵਿੱਚ ਉਸ ਦਾ ਪੀਏ ਰਿਸ਼ਵਤ ਲੈਣ ਦੀ ਜੁਅਰਤ ਕਰ ਸਕੇ ? ਵਿਧਾਇਕ ਦੀ ਮਰਜੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਪਹਿਲਾਂ ਵੀਡੀਓ ਤੇ ਹੁਣ ਵਾਇਰਲ ਹੋਈ ਆਡੀਓ ਨੇ ਸਾਰਾ ਕੁਝ ਸਾਫ ਕਰ ਕੇ ਰੱਖ ਦਿੱਤਾ ਹੈ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਇਸ ਤਰੀਕੇ ਨਾਲ ਜਲੰਧਰ ਜ਼ਿਮਨੀ ਚੋਣ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਤੇ ਇਹ ਸਾਰਾ ਕੁੱਝ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਹੋ ਰਿਹਾ ਹੈ ਪਰ ਕਾਂਗਰਸ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਚੁੱਕੇਗੀ। ਖਹਿਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਿਵਾਦ ਨਾਲ ਸੰਬੰਧ ਰੱਖਣ ਵਾਲੇ ਇਸ ਵਿਧਾਇਕ ਅਮਿਤ ਰਤਨ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਨੂੰ ਹੇਰਾਫੇਰੀ ਕਾਰਨ ਪਾਰਟੀ ਤੋਂ ਬਾਹਰ ਕੱਢਿਆ ਸੀ ਤੇ ਕਿਸਾਨ ਜਥੇਬੰਦੀ ਨੇ ਇਸ ਦੇ ਖਿਲਾਫ ਧਰਨਾ ਵੀ ਲਾਇਆ ਸੀ।

ਖਹਿਰਾ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉੱਤੇ ਪੱਖਪਾਤੀ ਰਵਈਆ ਅਪਨਾਉਣ ਦਾ ਦੋਸ਼ ਵੀ ਲਗਾਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤੇ ਹੋਰ ਵੀ ਕਈ ਅਹਿਮ ਪਦਾਂ ਤੇ ਦਿੱਲੀ ਸਰਕਾਰ ਦੇ ਇਸ਼ਾਰੇ ‘ਤੇ ਉਹਨਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ,ਜਿਹਨਾਂ ਦਾ ਪੰਜਾਬੀ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ।