ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( Shiromani Akali Dal President Sukhbir Singh Badal ) ਨੇ ਅੱਜ ਪੰਜਾਬ ‘ਚ ਵਿਗੜਦੀ ਕਾਨੂੰਨ ਅਵਸਥਾ , ਬਿਜਲੀ ਦੇ ਕੱਟਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੋ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯੂ ਪੀ ਤੇ ਬਿਹਾਰ ਤੋਂ ਲੇਬਰ ਪੰਜਾਬ ਆ ਕੇ ਨੌਕਰੀ ਕਰਦੀ ਸੀ ਤੇ ਹੁਣ ਪੰਜਾਬ ਦੀ ਇੰਡਸਟਰੀ ਯੂ ਪੀ ਜਾ ਰਹੀ ਹੈ। ਬਾਦਲ ਨੇ ਇਹ ਵੀ ਕਿਹਾ ਕਿ ਵੱਡੇ ਵੱਡੇ ਇੰਡਸਟ੍ਰੀਅਲਿਸਟ ਫਿਰੌਤੀਆਂ ਦੇਣ ਲਈ ਮਜਬੂਰ ਹੋ ਗਏ ਹਨ।
ਬਾਦਲ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਦਿਆਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਬਣੀ ਹੈ ਉਦੋਂ ਤੋਂ ਪੰਜਾਬ ਵਿੱਚ ਗੈਂਗਸਟਰਵਾਦ ਦਾ ਵਾਧਾ ਹੋਇਆ ਹੈ ਅਤੇ ਪੰਜਾਬ ਦੇ ਕਾਨੂੰਨ ਸਥਿਤੀ ਵਿਗੜੀ ਹੈ। ਜਿਸ ਕਾਰਨ ਕੋਈ ਉਦਯੋਗਪਤੀ ਇੱਥੇ ਇੰਡਸਟਰੀ ਲਾਉਣ ਤੋਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੋਲ ਸੂਬੇ ਦੇ ਬਹੁ-ਪੱਖੀ ਵਿਕਾਸ ਦਾ ਕੋਈ ਠੋਸ ਏਜੰਡਾ ਨਹੀਂ ਹੈ, ਸਮੁੱਚੀ ਸਰਕਾਰ ਸਿਆਸੀ ਪ੍ਰਾਪੇਗੰਡਾ ਨਾਲ ਚਲਾਈ ਜਾ ਰਹੀ ਹੈ। ਇਸ ਦਾ ਸੱਚ ਹੁਣ ਜਨਤਾ ਦੇ ਸਾਹਮਣੇ ਆ ਰਿਹਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਅਤੇ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਇਸ਼ਤਿਹਾਰਾਂ ਦੇ ਰੂਪ ਵਿੱਚ ਬਰਬਾਦ ਕਰ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 750 ਕਰੋੜ ਰੁਪਏ ਮੀਡੀਆ ਇਸ਼ਤਿਹਾਰਾਂ ‘ਤੇ ਝੂਠ ਬੋਲਣ ਨੂੰ ਰੱਖਿਆ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਦਾ ਸੰਕਟ ਬਣ ਗਿਆ ਹੈ ਤੇ ਥਰਮਲ ਪਲਾਂਟ ਬੰਦ ਹੋ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਕੋਈ ਥਰਮਲ ਪਲਾਂਟ ਨਹੀਂ ਲਗਾਇਆ ਤੇ ਹੁਣ ਆਪ ਸਰਕਾਰ ਵੀ ਇਸ ਪਾਸੇ ਕੰਮ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਨੂੰ ਜਿੰਨੀ ਬਿਜਲੀ ਮਿਲ ਰਹੀ ਹੈ, ਉਹ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲਗਾਏ ਥਰਮਲ ਪਲਾਂਟਾ ਤੋਂ ਮਿਲ ਰਹੀ ਹੈ।
ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਬੈਠੇ ਕੇਜਰੀਵਾਲ ਚਲਾ ਰਿਹਾ ਹੈ , ਪੰਜਾਬ ਸਰਕਾਰ ਜੋ ਵੀ ਫੈਸਲੇ ਕਰਦੀ ਹੈ ਉਹ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਕਰਦੀ ਹੈ। ਬਾਦਲ ਨੇ ਕਿਹਾ ਕਿ ਮਾਨ ਸਰਕਾਰ ਦਾਅਵਾ ਕਰਦੀ ਹੈ ਕਿ ਪੰਜਾਬ ਵਿੱਚ ਵੱਖ ਵੱਖ ਥਾਵਾਂ ‘ਤੇ ਫੈਕਟਰੀ ਲਗਾ ਦਿੱਤੀਆਂ ਗਈਆਂ ਹਨ ਜਿੰਨ੍ਹਾ ਵਿੱਚ 2.5 ਲੱਖ ਤੋਂ ਵੱਧ ਪੰਜਾਬੀਆਂ ਨੂੰ ਨੌਕਰੀਆਂ ਮਿਲ ਜਾਣਗੀਆਂ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇੰਨਾਂ ਲੱਗੀਆਂ ਫੈਕਟਰੀਆਂ ਦੀ ਸੂਚੀ ਦੇਣ ਅਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਬਣਾਉਣ।