Punjab

‘ਕਾਂਗਰਸ ਦੀ ਵੱਡੀ ਸਿਆਸੀ ਤਿਤਲੀ ਦੀ ਘਰ ਵਾਪਸੀ’! ਬਾਦਲ ਪਿਉ-ਪੁੱਤ ਨੂੰ ਜੇਲ੍ਹ ਭੇਜਿਆ ਸੀ

ਬਿਉਰੋ ਰਿਪੋਰਟ : ਕਾਂਗਰਸ ਦੇ ਸਿਆਸੀ ਵੇੜੇ ਵਿੱਚ ਵੀ ਮੁੜ ਤੋਂ ਸਿਆਸੀ ਤਿਤਲੀਆਂ ਦੀ ਘਰ ਵਾਪਸੀ ਹੋਈ ਹੈ । ਉਹ ਗੱਲ ਵਖਰੀ ਹੈ ਕਿ ਇਹ ਸਿਆਸੀ ਤਿਤਲੀ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਪਿਛਲੇ 2 ਦਹਾਕਿਆਂ ਤੋਂ ਗਾਇਬ ਨਹੀਂ । ਕੈਪਟਨ ਦੀ ਪਹਿਲੀ ਸਰਕਾਰ ਵੇਲੇ ਜੇਲ੍ਹ ਮੰਤਰੀ ਰਹੇ ਮਲਕੀਤ ਸਿੰਘ ਬਿਰਮੀ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ । ਲਗਾਤਾਰ ਆਗੂਆਂ ਦੇ ਜਾਣ ਦੀਆਂ ਖਬਰਾਂ ਦੇ ਵਿਚਾਲੇ ਕਿਸੇ ਆਗੂ ਦੇ ਆਉਣ ਦੀ ਖਬਰ ਆਈ ਤਾਂ ਦਿੱਗਜ ਆਗੂ ਬਿਰਮੀ ਦੇ ਸੁਆਗਤ ਵਿੱਚ ਇਕੱਠੇ ਹੋ ਗਏ । ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ,ਸੀਨੀਅਰ ਆਗੂ ਮਨੀਸ਼ ਤਿਵਾੜੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਆਪ ਮਲਕੀਤ ਸਿੰਘ ਬਿਰਮੀ ਦਾ ਦੋਵਾਂ ਹੱਥਾਂ ਨਾਲ ਸੁਆਗਤ ਕੀਤਾ ।

ਜਦੋਂ 2002 ਵਿੱਚ ਪਹਿਲੀ ਵਾਰ ਕੈਪਟਨ ਸਰਕਾਰ ਬਣੀ ਸੀ ਤਾਂ ਮਲਕੀਤ ਸਿੰਘ ਬਿਰਮੀ ਜੇਲ੍ਹ ਮੰਤਰੀ ਬਣੇ ਸਨ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਬਾਦਲ ਪਿਉ-ਪੁੱਤਰ ਨੂੰ ਜੇਲ੍ਹ ਭੇਜਿਆ ਗਿਆ ਸੀ । ਪਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਤਭੇਦ ਤੋਂ ਬਾਅਦ ਉਨ੍ਹਾਂ ਨੂੰ ਕੁਰਸੀ ਗਵਾਉਣੀ ਪਈ ਸੀ ।

ਉਧਰ ਪੱਤਰਕਾਰਾ ਨੇ ਮਨੀਸ਼ ਤਿਵਾੜੀ ਨੂੰ ਪੁੱਛਿਆ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਜਦੋਂ ਸਵਾਲ ਪੁੱਛਿਆ ਗਿਆ ਸੀ ਕੀ ਮਨੀਸ਼ ਤਿਵਾੜੀ ਬੀਜੇਪੀ ਜੁਆਇਨ ਕਰਨਗੇ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਵੀ ਹੋ ਸਕਦਾ ਹੈ । ਇਸ ‘ਤੇ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਹ ਕਿਧਰੇ ਸੁਨੀਲ ਜਾਖੜ ਤਾਂ ਨਹੀਂ ਹਨ । ਅਸੀਂ ਸਿਰੋਪਾ ਦੇਣ ਵਾਲਿਆਂ ਵਿੱਚੋ ਹਾਂ ਪਾਉਣ ਵਾਲਿਆਂ ਵਿੱਚ ਨਹੀਂ ਹਾਂ ।

ਇਸ ਤੋਂ ਪਹਿਲਾਂ ਚਰਚਾ ਇਹ ਹੈ ਬੀਜੇਪੀ ਵਿੱਚ ਗਏ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਕਾਂਗਰਸ ਵਿੱਚ ਵਾਪਸੀ ਕਰ ਸਕਦੇ ਹਨ । ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਹੁਸ਼ਿਆਰਪੁਰ ਤੋਂ ਉਨ੍ਹਾਂ ਨੂੰ ਲੋਕਸਭਾ ਦਾ ਟਿਕਟ ਦੇ ਸਕਦੀ ਹੈ,ਕਿਉਂਕਿ ਰਾਜਕੁਮਾਰ ਚੱਬੇਵਾਲ ਦੇ ਆਪ ਵਿੱਚ ਜਾਣ ਤੋਂ ਬਾਅਦ ਕਾਂਗਰਸ ਨੂੰ ਉਮੀਦਵਾਰ ਦੀ ਤਲਾਸ਼ ਹੈ ।

ਉਧਰ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕਸਭਾ ਮੈਂਬਰ ਗੁਰਜੀਤ ਔਜਲਾ ਨੇ ਆਪਣੇ ਪਾਰਟੀ ਬਦਲ ਦੀਆਂ ਖਬਰਾਂ ਨੂੰ ਅਫਵਾਹਾਂ ਨੂੰ ਬੇਬੁਨਿਆਦ ਦੱਸਿਆ,ਉਨ੍ਹਾਂ ਕਿਹਾ ਪਾਰਟੀ ਟਿਕਟ ਦੇਵੇ ਜਾਂ ਨਹੀਂ ਮੈਂ ਕਾਂਗਰਸ ਵਿੱਚ ਰਹਾਂਗਾ । ਇਸ ਤੋਂ ਪਹਿਲਾਂ ਖਡੂਰ ਸਾਹਿਬ ਤੋਂ ਐੱਪਮੀ ਜਸਬੀਰ ਸਿੰਘ ਡਿੰਪਾ ਨੇ ਵੀ ਇਹ ਹੀ ਦਾਅਵਾ ਕੀਤਾ ਸੀ ਉਨ੍ਹਾਂ ਦੀਆਂ 4 ਪੀੜੀਆਂ ਕਾਂਗਰਸ ਨਾਲ ਜੁੜੀਆਂ ਹਨ,ਉਹ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ ।