ਸ਼ੰਭੂ ਬਾਰਡਰ ਮੋਰਚੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਿਸ ਪਰਤਦੇ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਦੇ ਪਿੰਡ ਦੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨਾਲ ਭਰੀ ਬੱਸ ਸ਼ਾਮ 8 ਵਜੇ ਦੇ ਕਰੀਬ ਕਸਬਾ ਰਈਆ ਕੋਲ ਪਲਟ ਗਈ। ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਜਾਰੀ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਵੱਖ ਵੱਖ ਬਾਡਰਾਂ ਤੇ ਵੱਡੀਆਂ ਰੈਲੀਆਂ ਦੇ ਪ੍ਰੋਗਰਾਮ ਤਹਿਤ ਇਹ ਸਾਰੇ ਸ਼ੰਭੂ ਮੋਰਚੇ ਵਿੱਚ ਪਹੁੰਚੇ ਸਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਦੱਸਿਆ ਕਿ ਇਸ ਹਾਦਸੇ ਵਿੱਚ 9 ਕਿਸਾਨ ਮਜਦੂਰ ਗੰਭੀਰ ਜ਼ਖ਼ਮੀ ਹੋਏ ਹਨ। 22 ਕਿਸਾਨਾਂ ਦੇ ਨਾਰਮਲ ਸੱਟਾਂ ਤੇ ਇੱਕ ਔਰਤ ਦੇ ਨਾਰਮਲ ਸੱਟਾਂ ਲੱਗੀਆਂ ਹਨ। ਕੁੱਲ 32 ਕਿਸਾਨ ਜ਼ਖ਼ਮੀ ਹੋਏ ਹਨ।
ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਪ੍ਰਾਈਵੇਟ ਸਾਧਨਾਂ ਅਤੇ ਐਂਬੁਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਨੇ ਫੋਰਮ ਮੰਗ ਕਰਦੇ ਹਨ ਕਿ ਜ਼ਖ਼ਮੀਆਂ ਦੇ ਪੂਰੇ ਇਲਾਜ਼ ਦਾ ਸਾਰਾ ਖਰਚਾ ਪੰਜਾਬ ਤੇ ਭਾਰਤ ਸਰਕਾਰ ਚੱਕੇ, ਗੰਭੀਰ ਰੂਪ ਜਖਮੀਆਂ ਨੂੰ 3-3 ਲੱਖ ਅਤੇ ਸਾਧਾਰਨ ਰੂਪ ’ਚ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।