Punjab

ਨਵੇਂ ਮੁਹੱਲਾ ਕਲੀਨਿਕਾਂ ਦੇ ਉਦਘਾਟਨ ‘ਤੇ ਮਜੀਠੀਆ ਨੇ ਚੁੱਕੇ ਸਵਾਲ,ਕਿਹਾ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕਰ ਰਹੇ ਹਨ ਖਿਲਵਾੜ

ਚੰਡੀਗੜ੍ਹ : ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਦੇ ਮੁਹੱਲਾ ਕਲੀਨਿਕਾਂ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਜਿਹੜੇ ਪਹਿਲਾਂ 100 ਮੁਹੱਲਾ ਕਲੀਨਿਕ ਬਣਾਏ ਗਏ ਸਨ, ਉਹ ਸਾਰੇ ਸੇਵਾ ਕੇਂਦਰ ਦੇ ਅੰਦਰ ਬਣਾਏ ਗਏ, ਇੱਕ ਵੀ ਨਵੀਂ ਬਿਲਡਿੰਗ ਨਹੀਂ ਬਣਾਈ ਗਈ।

ਅੱਜ ਮੁੜ ਇਨ੍ਹਾਂ ਨੇ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ, ਜਿਸਦੇ ਪਿੱਛੇ ਇੱਕ ਮੁਹੱਲਾ ਕਲੀਨਿਕ ਦੇ ਪਿੱਛੇ 15 ਲੱਖ ਦਾ ਘਪਲਾ ਹੈ। ਅਜਾਇ ਸ਼ਰਮਾ ਨੂੰ ਇਸ ਲਈ ਹਟਾਇਆ ਗਿਆ ਕਿਉਂਕਿ ਉਸ ਨੇ ਸਵਾਲ ਚੁੱਕੇ ਸਨ। ਮਜੀਠੀਆ ਨੇ ਕਿਹਾ ਕਿ ਹੈਲਥ ਸੈਂਟਰਾਂ ਨੂੰ ਬੰਦ ਕਰਕੇ ਮੁਹੱਲਾ ਕਲੀਨਿਕ ਖੋਲੇ ਗਏ ਹਨ। ਇਨ੍ਹਾਂ ਨੇ 10 ਕਰੋੜ ਦੇ ਕੰਮ ਉੱਤੇ 30 ਕਰੋੜ ਦੇ ਤਾਂ ਇਸ਼ਤਿਹਾਰ ਹੀ ਦੇ ਦਿੱਤੇ।

ਬਿਕਰਮ ਸਿੰਘ ਮਜੀਠੀਆ, ਅਕਾਲੀ ਆਗੂ

ਮਜੀਠੀਆ ਨੇ ਕਿਹਾ ਕਿ ਪੁਰਾਣੀ ਬਿਲਡਿੰਗ ਉੱਤੇ ਪੇਂਟ ਕੀਤਾ ਜਾ ਰਿਹਾ ਹੈ, ਜੇਕਰ ਕੱਲ ਨੂੰ ਬਿਲਡਿੰਗ ਡਿੱਗ ਗਈ ਤਾਂ ਜ਼ਿੰਮੇਵਾਰ ਕੌਣ ਹੋਵੇਗਾ। ਪੇਂਟਿੰਗ ਉੱਤੇ 10 ਕਰੋੜ ਰੁਪਏ ਖਰਚੇ ਗਏ ਹਨ, ਇਮਾਰਤਾਂ ਉੱਤੇ ਆਪਣਾ ਬੋਰਡ ਲਗਾ ਦਿੱਤਾ। ਮੁਹੱਲਾ ਕਲੀਨਿਕਾਂ ਕਰਕੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਡਾਕਟਰਾਂ ਨੇ ਅਸਤੀਫ਼ੇ ਦੇ ਦਿੱਤੇ। ਸਭ ਤੋ ਬਿਹਤਰ ਅਤੇ ਸਸਤਾ ਇਲਾਜ ਪੀਜੀਆਈ ਵਿੱਚ ਹੁੰਦਾ ਹੈ ਪਰ ਸਰਕਾਰ ਨੇ ਪੀਜੀਆਈ ਦੇ ਉਹ ਪੈਸੇ ਨਹੀਂ ਦਿੱਤੇ। ਪਹਿਲਾਂ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਵਿੱਚ ਤਾਂ ਕੋਈ ਡਾਕਟਰ ਵੀ ਨਹੀਂ ਜਾ ਰਿਹਾ। ਉਨ੍ਹਾਂ ਨੇ ਦਾਅਵਾ ਕੀਤਾ ਕਿ 41 ਫ਼ੀਸਦੀ ਡਾਕਟਰਾਂ ਦੀ ਕਮੀ ਹੈ।

BMW ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਆਪਣੇ ਜਾਂ ਆਪਣੀ ਪਤਨੀ ਦੇ ਵਰਤਣ ਵਾਸਤੇ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਬੇਸ਼ੱਕ BMW ਲੈ ਆਵੇ ਪਰ ਲੋਕਾਂ ਦੇ ਰੁਜ਼ਗਾਰ ਵਾਸਤੇ BMW ਨਹੀਂ ਲੈ ਕੇ ਆਉਣੀ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਿੰਘਾਂ ਨੂੰ ਵੀ ਮੁੱਖ ਮੰਤਰੀ ਮਾਨ ਏਦਾਂ ਹੀ ਹੱਥ ਪਾਉਣ ਨੂੰ ਫਿਰਦੇ ਹਨ।

ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ਨੂੰ ਲੈ ਕੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਛੱਡਣਾ ਤਾਂ ਬਣਦਾ ਸੀ, ਉਹ ਵੀ ਆਪਣੇ ਪਰਿਵਾਰ ਨੂੰ ਮਿਲ ਲੈਂਦਾ, ਸਾਡੇ ਤਾਂ ਆਪ ਸ਼ਾਮ ਨੂੰ ਲੱਡੂ ਧਰੇ ਧਰਾਏ ਰਹਿ ਗਏ।