ਮੁਹਾਲੀ : ਸਿੱਪੀ ਸਿੱਧੂ ਕਤਲ ਕੇਸ ਵਿੱਚ ਨਾਮਜ਼ਦ ਕੀਤੀ ਗਈ ਕਲਿਆਣੀ ਸਿੰਘ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਦਾਲਤ ਵਿੱਚ ਇਸ ਕੇਸ ਸਬੰਧੀ ਬਹਿਸ ਹੋਈ ਸੀ ਤੇ ਸੀਬੀਆਈ ਦੇ ਵਕੀਲ ਨੇ ਕਲਿਆਣੀ ‘ਤੇ ਹੀ ਸਿੱਪੀ ਸਿੱਧੂ ਦੇ ਕਤਲ ਦਾ ਇਲਜ਼ਾਮ ਲਗਾਇਆ ਹੈ ਪਰ ਬਚਾਅ ਪੱਖ ਨੇ ਕਿਹਾ ਕਿ ਇਸ ਘਟਨਾ ਤੋਂ ਛੇ ਸਾਲ ਮਗਰੋਂ ਕਲਿਆਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਸੀਬੀਆਈ ਕੋਲ ਇਸ ਮਾਮਲੇ ਵਿੱਚ ਕਲਿਆਣੀ ਨੂੰ ਦੋਸ਼ੀ ਸਾਬਤ ਕਰਨ ਲਈ ਕੋਈ ਪੁਖਤਾ ਸਬੂਤ ਨਹੀਂ ਹਨ।

ਇਸ ਤੇਂ ਪਹਿਲਾਂ ਕਲਿਆਣੀ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਸੀਬੀਆਈ ਕੋਰਟ ਨੇ ਰੱਦ ਕਰ ਦਿੱਤਾ ਸੀ। ਜਿਸ ਨੂੰ ਚੁਣੌਤੀ ਦੇਣ ਲਈ ਮੁਲਜ਼ਮ ਕਲਿਆਣੀ ਨੇ ਹਾਈਕੋਰਟ ਦਾ ਰੁੱਖ ਕੀਤਾ ਸੀ। ਇਸੇ ਸਾਲ ਇਸ ਕਤਲ ਤੋਂ ਛੇ ਸਾਲ ਮਗਰੋਂ ਕਲਿਆਣੀ ਸਿੰਘ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਕੇਂਦਰੀ ਜਾਂਚ ਏਜੰਸੀ ਨੇ ਉਸ ਨੂੰ ਨਿਸ਼ਾਨੇਬਾਜ ਤੇ ਵਕੀਲ ਸਿੱਪੀ ਸਿੱਧੂ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨਾਮਜ਼ਦ ਕੀਤਾ ਸੀ।

ਸੰਨ 2015 ਵਿੱਚ ਸਿੱਪੀ ਸਿੱਧੂ ਜੋ ਕਿ ਇੱਕ ਨਿਸ਼ਾਨੇਬਾਜ ਤੇ ਵਕੀਲ ਸੀ,ਦੀ ਲਾਸ਼ ਚੰਡੀਗੜ੍ਹ ਦੇ ਇੱਕ ਪਾਰਕ ਵਿੱਚ ਮਿਲੀ ਸੀ ਤੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਸਨ।ਪਹਿਲਾਂ ਤਾਂ ਇਸ ਕੇਸ ਦੀ ਜਾਂਚ ਪੁਲਿਸ ਕੋਲ ਸੀ ਪਰ ਬਾਅਦ ਵਿੱਚ ਇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ ਤੇ ਆਖਰਕਾਰ 2022 ਵਿੱਚ ਸੀਬੀਆਈ ਨੇ ਆਪਣੀ ਜਾਂਚ ਦੌਰਾਨ ਕਲਿਆਣੀ ਸਿੰਘ ਨੂੰ ਮੁੱਖ ਮੁਲਜ਼ਮ ਮੰਨਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਆਪਣੇ ਆਪ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਕੋਸ਼ਿਸ਼ ਵਜੋਂ ਉਸ ਨੇ ਪਹਿਲਾਂ ਸੀਬੀਆਈ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਪਰ ਕੋਰਟ ਨੇ ਉਸ ਨੂੰ ਮਨਜ਼ੂਰ ਨਹੀਂ ਕੀਤਾ ਸੀ।ਜਿਸ ਕਾਰਣ ਉਸ ਦੇ ਵਕੀਲ ਨੇ ਹਾਈ ਕੋਰਟ ਵਿੱਚ ਸੀਬੀਆਈ ਦੇ ਫੈਸਲੇ ਨੂੰ ਚੁਣੋਤੀ ਦਿੱਤੀ ਸੀ।