ਅਯੁੱਧਿਆ  : ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰਾਮ ਮੰਦਰ ਦੇ ਨਿਰਮਾਣ ‘ਤੇ 1800 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ, ‘ਜਦੋਂ ਮੰਦਰ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਸ ਦੀ ਲਾਗਤ 400 ਕਰੋੜ ਆ ਸਕਦੀ ਹੈ, ਪਰ 18 ਮਹੀਨਿਆਂ ਬਾਅਦ ਹੁਣ ਇਸ ਦੀ ਲਾਗਤ 1800 ਕਰੋੜ ਹੋ ਸਕਦੀ ਹੈ।

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਦੋ ਰੋਜ਼ਾ ਮੀਟਿੰਗ ਐਤਵਾਰ ਤੋਂ ਸ਼ੁਰੂ ਹੋਈ। ਹਰ ਤਿੰਨ ਮਹੀਨੇ ਬਾਅਦ ਹੋਣ ਵਾਲੀ ਟਰੱਸਟ ਦੀ ਮੀਟਿੰਗ ਦੇ ਪਹਿਲੇ ਦਿਨ ਮੰਦਰ ਨਿਰਮਾਣ ਦੀ ਆਮਦਨ ਅਤੇ ਖਰਚੇ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਇੰਡੀਆ ਟੂਡੇ ਦੀ ਖ਼ਬਰ ਮੁਤਾਬਿਕ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਪਹਿਲਾਂ ਅਸੀਂ ਅੰਦਾਜ਼ਾ ਲਗਾਇਆ ਸੀ ਕਿ ਮੰਦਰ ਦੇ ਨਿਰਮਾਣ ‘ਤੇ ਕਰੀਬ 1000 ਕਰੋੜ ਰੁਪਏ ਖਰਚ ਹੋਣਗੇ। ਹੁਣ ਮੰਦਰ ਦੀ ਸ਼ਾਨ ਨੂੰ ਦੇਖਦੇ ਹੋਏ ਇਹ ਖਰਚਾ ਵਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਦਾਜ਼ੇ ਮੁਤਾਬਕ ਮੰਦਰ ਦੇ ਨਿਰਮਾਣ ‘ਚ ਕਰੀਬ 1800 ਕਰੋੜ ਰੁਪਏ ਖਰਚ ਆਉਣਗੇ। ਇਕ ਅੰਦਾਜ਼ੇ ਮੁਤਾਬਕ ਮੰਦਰ ਦੇ ਨਿਰਮਾਣ ‘ਤੇ ਹੁਣ ਤੱਕ 400 ਕਰੋੜ ਰੁਪਏ ਖਰਚ ਹੋ ਚੁੱਕੇ ਹਨ।

ਚੰਪਤ ਰਾਏ ਨੇ ਕਿਹਾ, ‘ਰਾਮ ਮੰਦਰ ਦੇ ਨਿਰਮਾਣ ਦੀ ਲਾਗਤ ਦਾ ਅੰਦਾਜ਼ਾ ਲਗਾਇਆ ਗਿਆ ਹੈ, ਇਸ ਨੂੰ ਅਜੇ ਵੀ ਸੋਧਿਆ ਜਾ ਸਕਦਾ ਹੈ।’

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਮੀਟਿੰਗ ਹੋਈ ਸੀ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਹਿੰਦੂ ਧਰਮ ਨਾਲ ਜੁੜੀਆਂ ਮਹਾਨ ਸ਼ਖ਼ਸੀਅਤਾਂ ਅਤੇ ਸੰਤਾਂ-ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਵੀ ਥਾਂ ਦਿੱਤੀ ਜਾਵੇਗੀ।

ਚੰਪਤ ਰਾਏ ਨੇ ਦੱਸਿਆ ਕਿ ਮਹਾਰਿਸ਼ੀ ਵਾਲਮੀਕਿ, ਮਹਾਂਰਿਸ਼ੀ ਵਿਸ਼ਵਾਮਿਤਰ ਅਤੇ ਮਹਾਰਿਸ਼ੀ ਅਗਸਤ ਨਾਲ ਨਿਸ਼ਾਦਰਾਜ ਅਤੇ ਮਾਤਾ ਸ਼ਬਰੀ, ਜਟਾਯੂ ਨੂੰ ਸਤਿਕਾਰਯੋਗ ਪੂਜਾ ਲਈ ਸਥਾਨ ਦੇਣ ਲਈ ਵਿਚਾਰ ਵਟਾਂਦਰਾ ਹੋਇਆ, ਟਰੱਸਟ ਦੇ ਨਿਯਮਾਂ ‘ਤੇ ਵਿਚਾਰ ਕੀਤਾ ਗਿਆ, ਜਿਸ ਵਿਚ ਕਈ ਰੂਪ ਅਤੇ ਸੁਝਾਅ ਆਏ, ਮੈਨੂਅਲ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਵਿੱਚ ਟਰੱਸਟ ਦੇ ਚੇਅਰਮੈਨ ਨ੍ਰਿਤਿਆ ਗੋਪਾਲ ਦਾਸ ਸਮੇਤ 10 ਟਰੱਸਟੀ ਹਾਜ਼ਰ ਸਨ।

ਇਸ ਦੌਰਾਨ ਰਾਮ ਮੰਦਰ ਦੀ ਸੁਰੱਖਿਆ ਸੀਆਈਐਸਐਫ ਨੂੰ ਸੌਂਪਣ ਦੀ ਗੱਲ ਵੀ ਚੱਲ ਰਹੀ ਹੈ। ਕੇਂਦਰੀ ਬਲ ਦੇ ਅਧਿਕਾਰੀਆਂ ਦੇ ਦੌਰੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਫਿਲਹਾਲ ਮੰਦਰ ਦੀ ਉਸਾਰੀ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਪਾਵਨ ਅਸਥਾਨ ਦੇ ਦਸੰਬਰ 2023 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਮੰਦਰ ਨਿਰਮਾਣ ਦੀ ਪ੍ਰਗਤੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਜਾਵੇਗੀ।

ਰਾਮ ਮੰਦਰ ਦੇ ਪਾਵਨ ਅਸਥਾਨ ਦੀ ਉਸਾਰੀ ਦਾ ਨੀਂਹ ਪੱਥਰ ਇਸ ਸਾਲ ਜੂਨ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰੱਖਿਆ ਸੀ। ਅਯੁੱਧਿਆ ‘ਚ ਭਗਵਾਨ ਰਾਮ ਦੇ ਮੰਦਰ ਦੀ ਉਸਾਰੀ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਉਦੋਂ ਤੋਂ ਹੀ ਮੰਦਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।