ਬਿਊਰੋ ਰਿਪੋਰਟ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਵੱਡਾ ਝਟਕਾ ਦਿੱਤਾ ਹੈ। ਹਰਿਆਣੇ ਦੇ ਮੁੱਖ ਮੰਤਰੀ ਨਾਲ ਨਜ਼ਦੀਕੀ ਹੋਣ ਦੀ ਵਜ੍ਹਾ ਕਰਕੇ ਕਮੇਟੀ ਦੇ ਪ੍ਰਧਾਨਗੀ ਦੀ ਰੇਸ ਵਿੱਚ ਦਾਦੂਵਾਲ ਆਪਣੇ ਆਪ ਨੂੰ ਅੱਗੇ ਮੰਨ ਰਹੇ ਸਨ ਪਰ ਅਖੀਰਲੇ ਮੌਕੇ ਮਹੰਤ ਕਰਮਜੀਤ ਸਿੰਘ ਨੂੰ HSGPC ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਨਰਾਜ਼ ਦਾਦੂਵਾਲ ਨੇ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਸਰਕਾਰ ਵੱਲੋਂ ਹੀ ਮਹੰਤ ਕਰਮਜੀਤ ਸਿੰਘ ਦਾ ਨਾਂ ਸਾਹਮਣੇ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮਹੰਤ ਕਰਮਜੀਤ ਸਿੰਘ ਦੇ ਪ੍ਰਧਾਨ ਬਣਨ ਨਾਲ ਉਹ ਸਹਿਮਤ ਨਹੀਂ ਹਨ, ਕਿਉਂਕਿ ਨਾ ਤਾਂ ਉਨ੍ਹਾਂ ਦਾ ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਵਿੱਚ ਅਤੇ ਨਾ ਹੀ ਸਿੱਖ ਪੰਥ ਵਿੱਚ ਕੋਈ ਵੱਡਾ ਯੋਗਦਾਨ ਰਿਹਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਨਵੀਂ 38 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੇ ਨਵੇਂ ਐਡਹਾਕ ਮੈਂਬਰਾਂ ਨਾਲ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਖੱਟਰ ਨਾਲ ਮੁਲਾਕਾਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਬਲਜੀਤ ਸਿੰਘ ਦਾਦੂਵਾਲ ਹੀ ਕਮੇਟੀ ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲਣਗੇ ਪਰ ਅਖੀਰਲੇ ਮੌਕੇ ਬੀਜੇਪੀ ਸਰਕਾਰ ਵੱਲੋਂ ਬਦਲੇ ਸਮੀਕਰਣ ਦੇ ਪਿੱਛੇ ਕੀ ਵਜ੍ਹਾ ਹੈ, ਇਹ ਵੱਡਾ ਸਵਾਲ ਹੈ ।
ਇਸ ਵਜ੍ਹਾ ਨਾਲ ਦਾਦੂਵਾਲ ਰੇਸ ਤੋਂ ਬਾਹਰ ਹੋਏ
ਹੁੱਡਾ ਸਰਕਾਰ ਨੇ ਪਹਿਲਾਂ 42 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ ਪਰ ਖੱਟਰ ਸਰਕਾਰ ਨੇ ਇਸੇ ਮਹੀਨੇ 38 ਮੈਂਬਰੀ ਨਵੀਂ ਐਡਹਾਕ ਕਮੇਟੀ ਦਾ ਗਠਨ ਕਰਕੇ 21 ਦਸੰਬਰ ਨੂੰ ਨਵੇਂ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਦਾ ਐਲਾਨ ਕੀਤਾ ਸੀ। ਖੱਟਰ ਸਰਕਾਰ ਵੱਲੋਂ 42 ਵਿੱਚੋਂ 30 ਨਵੇਂ ਮੈਂਬਰਾਂ ਨੂੰ ਐਡਹਾਕ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਸਾਫ ਹੈ ਕਿ ਹਰਿਆਣਾ ਸਰਕਾਰ ਕਮੇਟੀ ਉੱਤੇ ਪੂਰੀ ਤਰ੍ਹਾਂ ਆਪਣਾ ਕੰਟਰੋਲ ਰੱਖਣਾ ਚਾਹੁੰਦੀ ਸੀ । ਜਗਦੀਸ਼ ਸਿੰਘ ਝੀਂਡਾ ਪਹਿਲਾਂ ਹੀ ਅਕਾਲੀ ਦਲ ਨਾਲ ਹੱਥ ਮਿਲਾ ਚੁੱਕੇ ਸਨ। ਦਾਦੂਵਾਲ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਰੇਸ ਤੋਂ ਬਾਹਰ ਕਰਨ ਪਿੱਛੇ ਸਭ ਤੋਂ ਵੱਡਾ ਕਾਰਨ ਸੌਦਾ ਸਾਧ ਵੀ ਹੋ ਸਕਦਾ ਹੈ ।
ਦਾਦੂਵਾਲ ਰਾਮ ਰਮੀਮ ਦੇ ਸਭ ਤੋਂ ਵੱਡੇ ਵਿਰੋਧੀ ਮੰਨੇ ਜਾਂਦੇ ਸਨ । 2015 ਵਿੱਚ ਬੇਅਦਬੀ ਮੋਰਚੇ ਵਿੱਚ ਉਨ੍ਹਾਂ ਨੇ ਆਪਣੇ ਸਮਾਗਮਾਂ ਵਿੱਚ ਖੁੱਲ ਕੇ ਸੌਦਾ ਸਾਧ ਦਾ ਡੱਟ ਕੇ ਵਿਰੋਧ ਕੀਤਾ ਸੀ ਇਸੇ ਲਈ ਸਿੱਖ ਸੰਗਤਾਂ ਵਿੱਚ ਉਨ੍ਹਾਂ ਦਾ ਅਧਾਰ ਮਜਬੂਤ ਹੋਇਆ ਸੀ । ਹਰਿਆਣਾ ਵਿੱਚ ਬੀਜੇਪੀ ਸਰਕਾਰ ਨੂੰ ਡੇਰੇ ਦੀ ਹਮਾਇਤ ਪੂਰੀ ਤਰ੍ਹਾਂ ਨਾਲ ਮਿਲੀ ਹੋਈ ਹੈ । ਵਿਧਾਨਸਭਾ ਤੋਂ ਲੈ ਕੇ ਪੰਚਾਇਤ ਚੋਣਾਂ ਤੱਕ ਸੌਧਾ ਸਾਧ ਵੱਲੋਂ ਖੁੱਲ੍ਹ ਕੇ ਆਪਣੇ ਪੈਰੋਕਾਰਾਂ ਨੂੰ ਬੀਜੇਪੀ ਦੀ ਹਮਾਇਤ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਇਸੇ ਲਈ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਹਰਿਆਣਾ ਦਾ ਪੰਚਾਇਤ ਚੋਣਾਂ ਤੋਂ ਠੀਕ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਵੀ ਦਿੱਤੀ ਜਾਂਦੀ ਰਹੀ ਹੈ। ਹੋ ਸਕਦਾ ਹੈ ਬੀਜੇਪੀ ਨਾਲ ਦਾਦੂਵਾਲ ਦੀਆਂ ਨਜ਼ਦੀਕੀਆਂ ਵੇਖ ਕੇ ਸੌਧਾ ਸਾਧ ਵੱਲੋਂ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਲਈ ਕਿਹਾ ਹੋਵੇ। ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਬੀਜੇਪੀ ਵੀ ਜਾਣ ਦੀ ਹੈ ਕਿ ਦਾਦੂਵਾਲ ਦੇ ਮੁਕਾਬਲੇ ਡੇਰੇ ਦਾ ਵੋਟ ਬੈਂਕ ਜ਼ਿਆਦਾ ਮਜ਼ਬੂਤ ਹੈ ਅਤੇ 2024 ਦੀਆਂ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਲਈ ਡੇਰੇ ਦਾ ਵੋਟ ਕਾਫੀ ਅਹਿਮ ਹੈ । ਜਦਕਿ ਬਲਜੀਤ ਸਿੰਘ ਦਾਦੂਵਾਲ ਜੇਕਰ ਮੁੜ ਤੋਂ ਪ੍ਰਧਾਨ ਬਣ ਦੇ ਤਾਂ ਉਹ ਸੌਧਾ ਸਾਧ ਦਾ ਵਿਰੋਧ ਕਰ ਸਕਦੇ ਸਨ । ਜਿਸ ਨਾਲ ਨਜਿੱਠਣਾ ਬੀਜੇਪੀ ਲਈ ਮੁਸ਼ਕਿਲ ਹੋਣਾ ਸੀ । ਇਸ ਲਈ ਬੀਜੇਪੀ ਨੇ ਸੌਧਾ ਸਾਧ ਨੂੰ ਚੁਣਿਆ ਹੋ ਸਕਦਾ ਹੈ। ਉੱਧਰ ਦਾਦੂਵਾਲ ਦੀ ਹਾਰ ‘ਤੇ ਹੁਣ ਅਕਾਲੀ ਦਲ ਅਤੇ SGPC ਬਾਗੋਬਾਗ ਹੈ ਅਤੇ ਨਸੀਹਤ ਦੇ ਰਹੀ ਹੈ ।
ਦਾਦੂਵਾਲ ਦੀ ਹਾਰ ਨਾਲ SGPC ਬਾਗੋ-ਬਾਗ
SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਹੈਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਬਲਜੀਤ ਸਿੰਘ ਦਾਦੂਵਾਲ ਨੂੰ ਸਮਝਾ ਰਹੇ ਸੀ ਕਿ ਹਰਿਆਣਾ ਸਰਕਾਰ ਦਾ ਕਮੇਟੀ ਵਿੱਚ ਦਖਲ ਠੀਕ ਨਹੀਂ ਹੈ । ਪਰ ਉਨ੍ਹਾਂ ਨੇ ਸਾਡੀ ਗੱਲ ਨਹੀਂ ਮੰਨੀ,ਦਾਦੂਵਾਲ ਦੀ ਜ਼ਿੱਦ ਦੀ ਵਜ੍ਹਾ ਕਰਕੇ SGPC ਵੀ ਕਮਜ਼ੋਰ ਹੋਈ ਹੈ ਅਤੇ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਸਰਕਾਰ ਦਾ ਹੁਣ ਸਿੱਧਾ ਦਖਲ ਹੋ ਗਿਆ ਹੈ । ਉਨ੍ਹਾਂ ਕਿਹਾ ਸਰਕਾਰ ਵੱਲੋਂ ਚੁਣੀ ਗਈ ਐਡਹਾਕ ਕਮੇਟੀ ਅਤੇ ਪ੍ਰਧਾਨ ਉਨ੍ਹਾਂ ਦੇ ਮੁ੍ਤਾਬਿਕ ਹੀ ਕੰਮ ਕਰਨਗੇ। SGPC ਦੇ ਜਨਰਲ ਸਕੱਤਰ ਨੇ ਦਾਅਵਾ ਕੀਤਾ ਇਹ ਸਾਰਾ ਕੁਝ RSS ਅਤੇ ਬੀਜੇਪੀ ਦੇ ਗੁਰਦੁਆਰਿਆਂ ਵਿੱਚ ਦਖਲ ਅੰਦਾਜ਼ੀ ਦਾ ਨਤੀਜਾ ਹੈ।