ਲੁਧਿਆਣਾ : ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੈਟਰੋਲ ਅਤੇ ਡੀਜ਼ਲ ਦੇ ਵਾਹਨਾਂ ਦੇ ਬਦਲ ਵਜੋਂ ਇਲੈਕਟ੍ਰਿਕ ਵਾਹਨਾਂ ਉਭਾਰਿਆ ਜਾ ਰਿਹਾ ਹੈ। ਬੇਸ਼ੱਕ ਇਨ੍ਹਾਂ ਵਾਹਨਾਂ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਪਰ ਕੁੱਝ ਸਾਲਾਂ ਬਾਅਦ ਹੀ ਵਾਹਨਾਂ ਵਿੱਚ ਲੱਗੀਆਂ ਲਿਥੀਅਮ ਬੈਟਰੀਆਂ ਦੀ ਲਾਈਫ਼ ਖ਼ਤਮ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਡੰਪ ਕਰਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਪਰ ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵਿਦਿਆਰਥੀਆਂ ਨੇ ਇਸ ਵੱਡੇ ਮਸਲੇ ਦਾ ਵੀ ਹੱਲ ਕੱਢ ਲਿਆ। ਜੀ ਹਾਂ ਹੁਣ ਇਨ੍ਹਾਂ ਬੈਟਰੀਆਂ ਨੂੰ ਕਚਰੇ ਵਿੱਚ ਸੁੱਟਣ ਦੀ ਥਾਂ ਮੁੜ ਤੋਂ ਵਾਰ ਵਾਰ ਰੀਸਾਈਕਲ ਕੀਤਾ ਜਾ ਸਕੇਗਾ, ਜਿਸ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ, ਉੱਥੇ ਹੀ ਲੋਕਾਂ ਨੂੰ ਬਹੁਤ ਹੀ ਸਸਤੇ ਰੇਟਾਂ ਉੱਤੇ ਬੈਟਰੀ ਵੀ ਮਿਲੇਗੀ।
ਅਗਲੇ ਕੁੱਝ ਹੀ ਸਾਲਾਂ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਭਾਰਤ ਤੀਜਾ ਸਭ ਤੋਂ ਵੱਡਾ ਬਾਜ਼ਾਰ ਬਣਨ ਜਾ ਰਿਹਾ ਹੈ। ਅਜਿਹੇ ਵਿੱਚ ਜੇਕਰ ਇਨ੍ਹਾਂ ਵਿਦਿਆਰਥੀਆਂ ਦੀ ਕਾਢ ਉੱਤੇ ਅਮਲ ਕੀਤਾ ਜਾਵੇ ਤਾਂ ਦੇਸ਼ ਦੀ ਆਰਥਿਕਤਾ ਨੂੰ ਤਾਂ ਫ਼ਾਇਦਾ ਹੋਵੇਗਾ ਹੀ ਨਾਲ ਹੀ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਦੇ ਕਚਰੇ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਵਿੱਚ ਵੱਡੀ ਮਦਦ ਮਿਲੇਗੀ।