Punjab

ਇਸ ਐਕਸਪ੍ਰੈਸ ਵੇਅ ਦੀ ਜ਼ਮੀਨ ਕਬਜ਼ੇ ‘ਚ ਲੈਣ ਖਿਲਾਫ਼ ਅੜੇ ਕਿਸਾਨ,NHAI ਦੀਆਂ ਮਸ਼ੀਨਾ ‘ਤੇ ਕੀਤਾ ਕਬਜ਼ਾ,ਰੱਖੀ ਇਹ ਮੰਗ

Farmer protest against Nhai delhi katra expressway

ਲੁਧਿਆਣਾ: ਦਿੱਲੀ- ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈਕੇ NHAI ਦੇ ਸਾਹਮਣੇ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ। ਲੁਧਿਆਣਾ ਵਿੱਚ ਕਿਸਾਨਾਂ ਵੱਲੋਂ NHAI ਦਾ ਵਿਰੋਧ ਕੀਤਾ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਬੇਰੰਗ ਮੋੜ ਦਿੱਤਾ ਹੈ । ਕਿਸਾਨਾਂ ਨੇ ਅਥਾਰਿਟੀ ਦੀਆਂ ਮਸ਼ੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਕਿਸਾਨ ਵੱਧ ਮੁਆਵਜ਼ੇ ਦੀ ਮੰਗ ਕਰ ਰਹੇ ਹਨ । ਉਨ੍ਹਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸਹੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਤੱਕ ਜ਼ਮੀਨਾਂ ‘ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ।

ਦਸਾਸਲ ਜਦੋਂ ਮੰਡੀ ਅਹਿਮਦਗੜ੍ਹ ਵਿੱਚ NHAI ਯਾਨੀ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ JCB ਮਸ਼ੀਨਾਂ ਲੈਕੇ ਪਹੁੰਚੇ ਤਾਂ ਕਿਸਾਨ ਲਾਮਬੰਦ ਹੋ ਗਏ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਪੂਰੀ ਜਾਣਕਾਰੀ ਹੋਰ ਕਿਸਾਨਾਂ ਤੱਕ ਪਹੁੰਚਾਈ । ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ‘ਤੇ ਪਹੁੰਚ ਗਏ ਅਤੇ ਸੜਕਾਂ ਜਾਮ ਕਰ ਦਿੱਤੀਆਂ । ਮਾਮਲਾ ਗਰਮਾਉਂਦਾ ਵੇਖ ਅਧਿਕਾਰੀ ਵਾਪਸ ਪਰਤ ਗਏ। ਉਧਰ ਪ੍ਰਸ਼ਾਸਨ ਕਬਜ਼ਾ ਲੈਣ ਲਈ ਜਿਹੜੀ ਵੀ ਮਸ਼ੀਨਰੀ ਲੈਕੇ ਆਇਆ ਸੀ ਉਸ ਨੂੰ ਕਿਸਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ । ਦੱਸਿਆ ਜਾ ਰਿਹਾ ਹੈ ਕਿ SDM ਸਵਾਤੀ ਟਿਵਾਣਾ ਨੇ ਕਿਸਾਨਾਂ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੇ ਸਟੈਂਡ ‘ਤੇ ਅੜੇ ਰਹੇ । ਕਿਸਾਨਾਂ ਨੇ ਕਿਹਾ ਜਦੋਂ ਤੱਕ ਭਾਰਤ ਮਾਲਾ ਯੋਜਨਾ ਅਧੀਨ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਉੱਦੋ ਤੱਕ ਉਹ ਜ਼ਮੀਨ ਦਾ ਇਕ ਟੁੱਕੜਾ ਵੀ ਦੇਣਗੇ ।

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੀ ਕੁੱਲ ਦੂਰੀ ਤਕਰੀਬਨ 669 ਕਿਲੋਮੀਟਰ ਹੈ । ਸੜਕੀ ਆਵਾਜਾਹੀ ਮੰਤਰਾਲੇ ਮੁਤਾਬਿਕ ਇਸ ਨੂੰ ਜਲਦੀ ਤਿਆਰ ਕਰਨ ਲਈ ਨਿਰਮਾਣ ਕਾਰਜ ਨੂੰ ਕਈ ਪੜਾਵਾਂ ਵਿੱਚ ਵੰਡਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਐਕਸਪ੍ਰੈਸ ਵੇਅ ‘ਤੇ ਲੋਕਾਂ ਨੂੰ ਕਈ ਸਹੂਲਤਾਂ ਦਾ ਲਾਭ ਵੀ ਮਿਲੇਗਾ। ਐਕਸਪ੍ਰੈਸ ਵੇਅ ਚਾਰ ਮਾਰਗੀ ਹੋਵੇਗਾ। ਇਸ ਦੇ ਨਿਰਮਾਣ ਨਾਲ ਪ੍ਰਦੂਸ਼ਣ ਅਤੇ ਈਂਧਨ ਦੀ ਖਪਤ ‘ਚ ਕਮੀ ਆਉਣ ਦਾ ਵੀ ਦਾਅਵਾ ਕੀਤਾ ਗਿਆ ਹੈ । ਇਸ ਪੂਰੇ ਐਕਸਪ੍ਰੈਸ ਵੇਅ ‘ਤੇ ਤਕਰੀਬਨ 39,500 ਕਰੋੜ ਰੁਪਏ ਖਰਚ ਆਉਣਗੇ । ਇਸ ਦੀ ਉਸਾਰੀ ਤੋਂ ਬਾਅਦ ਦਿੱਲੀ ਤੋਂ ਜੰਮੂ-ਕਸ਼ਮੀਰ ਜਾਣਾ ਆਸਾਨ ਹੋ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਬਣਨ ਤੋਂ ਬਾਅਦ ਦਿੱਲੀ ਤੋਂ ਅੰਮ੍ਰਿਤਸਰ ਜਾਣ ਲਈ ਸਿਰਫ਼ 4 ਤੋਂ 5 ਘੰਟੇ ਲੱਗਣਗੇ ਜਦਕਿ ਹੁਣ ਤਕਰੀਬਨ 8 ਘੰਟੇ ਲੱਗ ਦੇ ਹਨ ।