India Punjab

ਪੰਜਾਬ ਵਿੱਚ ਬਦਲਿਆ ਮੌਸਮ ਦਾ ਮਿਜਾਜ਼,ਤੜਕੇ ਪਿਆ ਮੀਂਹ,ਫਸਲਾਂ ਵਿਛੀਆਂ

ਚੰਡੀਗੜ੍ਹ : ਪੰਜਾਬ ਤੇ ਦੇਸ਼ ਦੇ ਉੱਤਰੀ ਖੇਤਰ ਵਿੱਚ ਮੌਸਮ ਦਾ ਮਿਜ਼ਾਜ ਇਕ ਵਾਰ ਫੇਰ ਬਦਲਿਆ ਹੈ। ਪਹਾੜਾਂ ਵਿੱਚ ਹੋਈ ਤਾਜ਼ਾ ਬਰਫਬਾਰੀ ਹੋਣ ਦੇ ਨਾਲ ਨਾਲ ਪੰਜਾਬ ਵਿੱਚ ਕਈ ਥਾਵਾਂ ‘ਤੇ ਤੜਕੇ ਵੇਲੇ ਗਰਜ ਨਾਲ ਹਲਕਾ ਮੀਂਹ ਵੀ ਪਿਆ ਹੈ। ਜਿਸ ਕਾਰਨ ਮੈਦਾਨੀ ਖੇਤਰਾਂ ਵਿੱਚ ਮੁੜ ਠੰਢ ਉਤਰ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਬਰਫ ਪਈ ਹੈ। ਤਾਪਮਾਨ ਘਟਣ ਕਾਰਨ ਸੂਬੇ ’ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਧੁੱਪ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।

ਜੇਕਰ ਫਸਲਾਂ ਤੇ ਅਸਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਤਾਪਮਾਨ ਘਟਣ ਦਾ ਲਾਭ ਕਿਸਾਨਾਂ ਨੂੰ ਹੋ ਸਕਦਾ ਹੈ ਕਿਉਂਕਿ ਅਜਿਹਾ ਮੌਸਮ ਬੀਜੀ ਕਣਕ ਦੀ ਫ਼ਸਲ ਲਈ ਲਾਭਦਾਇਕ ਹੈ। ਠੰਢਾ ਮੌਸਮ ਕਣਕ ਦੇ ਝਾੜ ਵਿੱਚ ਵਾਧਾ ਕਰ ਸਕਦਾ ਹੈ। ਹਾਲਾਕਿ ਅੱਜ ਪੰਜਾਬ ਵਿੱਚ ਚਲੀਆਂ ਤੇਜ਼ ਹਵਾਵਾਂ ਕਾਰਨ ਕੁਝ ਥਾਵਾਂ ’ਤੇ ਕਣਕ ਦੀ ਫ਼ਸਲ ਵਿਛ ਗਈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਛਿੱਟੇ ਪੈਣ ਦੀ ਵੀ ਖ਼ਬਰ ਹੈ।

ਅੱਜ ਸਵੇਰ ਤੋਂ ਹੀ ਪੰਜਾਬ ਵਿੱਚ ਮੌਸਮ ਬੱਦਲਵਾਈ ਵਾਲਾ ਬਣਿਆ ਰਿਹਾ ਪਰ ਬਾਅਦ ਵਿੱਚ ਸੂਬੇ ਦੇ ਕੁਝ ਹਿੱਸਿਆਂ ਵਿੱਚ ਧੁੱਪ ਵੀ ਨਿਕਲੀ ਹੈ। ਤੇਜ਼ ਹਵਾ ਕਾਰਨ ਜਿਹੜੀ ਕਣਕ ਦੀ ਫ਼ਸਲ ਨੂੰ ਤਾਜ਼ਾ ਪਾਣੀ ਲੱਗਿਆ ਹੋਇਆ ਸੀ, ਉਹ ਜ਼ਮੀਨ ’ਤੇ ਵਿਛ ਗਈ। ਖੇਤੀ ਮਾਹਿਰਾਂ ਨੇ ਅਗਲੇ 72 ਘੰਟੇ ਕਿਸਾਨਾਂ ਨੂੰ ਫ਼ਸਲਾਂ ਨੂੰ ਪਾਣੀ ਨਾ ਦੇਣ ਦੀ ਸਿਫਾਰਸ਼ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟੇ ਪੰਜਾਬ ਵਿੱਚ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਤੋਂ ਕਿਸਾਨ ਚਿੰਤਾ ਵਿੱਚ ਹਨ।

ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਕੁਝ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੇ ਠੰਢੀਆਂ ਹਵਾਵਾਂ ਚੱਲੀਆਂ। ਉਨ੍ਹਾਂ ਦੱਸਿਆ ਕਿ ਭਲਕੇ ਪਹਿਲੀ ਮਾਰਚ ਨੂੰ ਭਰਵੇਂ ਮੀਂਹ ਦੀ ਆਸ ਹੈ। ਉਨ੍ਹਾਂ ਕਿਹਾ ਕਿ ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 6.0 ਤੋਂ 9.0 ਦਰਮਿਆਨ ਰਹਿ ਸਕਦਾ ਹੈ।