Punjab

ਜੈਪਾਲ ਭੁੱਲਰ ਦੇ ਪੋਸਟ ਮਾਰਟਮ ਲਈ ਹਾਈਕੋਰਟ ਪਹੁੰਚੀ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸਿਮਰਨਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਜੈਪਾਲ ਸਿੰਘ ਭੁੱਲਰ ਦੇ ਪੋਸਟ ਮਾਰਟਮ ਕਰਵਾਉਣ ਲਈ ਇੱਕ ਚਿੱਠੀ ਲਿਖੀ ਹੈ। ਉਨ੍ਹਾਂ ਚਿੱਠੀ ਵਿੱਚ ਕਿਹਾ ਕਿ ਜੈਪਾਲ ਦਾ ਪੋਸਟ ਮਾਰਟਮ ਪੰਜਾਬ ਦੇ ਕਿਸੇ ਵੀ ਹਸਪਤਾਲ, ਪੀਜੀਆਈ ਚੰਡੀਗੜ੍ਹ, ਦਿੱਲੀ ਦੇ ਏਮਜ਼ ਵਿੱਚ ਕਰਵਾਇਆ ਜਾਵੇ ਤਾਂ ਜੋ ਜੈਪਾਲ ਨਾਲ ਪੁਲਿਸ ਟਾਰਚਰ ਵਿੱਚ ਲੱਗੀਆਂ ਸੱਟਾਂ ਬਾਰੇ ਪਤਾ ਲੱਗ ਸਕੇ। ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਜੈਪਾਲ ਦੇ ਪਰਿਵਾਰ ਨੇ ਫੋਨ ਕਰਕੇ ਪੁਲਿਸ ਵੱਲੋਂ ਕੀਤੇ ਗਏ ਟਾਰਚਰ ਦੌਰਾਨ ਲੱਗੀਆਂ ਸੱਟਾਂ ਦੀਆਂ ਤਸਵੀਰਾਂ ਭੇਜ ਕੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਪੰਜਾਬ ਪੁਲਿਸ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਟਾਰਚਰ ਕੀਤਾ ਹੈ ਅਤੇ ਕਲਕੱਤਾ ਵਿੱਚ ਉਸਦਾ ਫੇਕ ਐਨਕਾਊਂਟਰ ਕੀਤਾ ਹੈ। ਇਸੇ ਲਈ ਪਰਿਵਾਰ ਆਪਣੇ ਬੇਟੇ ਦਾ ਪੀਜੀਆਈ, ਏਮਜ਼ ਜਾਂ ਫਿਰ ਕਿਸੇ ਵੀ ਹੋਰ ਮੈਡੀਕਲ ਇੰਸਟੀਚਿਊਟ ਤੋਂ ਪੋਸਟ ਮਾਰਟਮ ਕਰਵਾ ਕੇ ਟਾਰਚਰ ਦੀ ਅਸਲ ਜਾਣਕਾਰੀ ਲੈਣਾ ਚਾਹੁੰਦਾ ਹੈ।

ਵਕੀਲ ਨੇ ਦੱਸਿਆ ਕਿ ਪਰਿਵਾਰ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਅਪੀਲ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਅਫਸਰਾਂ ਦੇ ਨਾਲ ਰਾਜਨੀਤਿਕ ਲੀਡਰ ਵੀ ਫੇਕ ਐਨਕਾਊਂਟਰ ਵਿੱਚ ਸ਼ਾਮਿਲ ਸਨ, ਇਸ ਲਈ ਨਿਰਪੱਖ ਰਿਪੋਰਟ ਮਿਲਣੀ ਅਸੰਭਵ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਕਲਕੱਤਾ ਵਿੱਚ ਫੇਕ ਐਨਕਾਊਂਟਰ ਵਿੱਚ ਖਿਡਾਰੀਆਂ ਨੂੰ ਮਾਰ ਦਿੱਤਾ ਅਤੇ ਪਰਿਵਾਰ ਨੂੰ ਆਪਣੇ ਖਿਲਾਫ ਸਬੂਤ ਖਤਮ ਕਰਨ ਲਈ ਪੁਲਿਸ ਲਾਸ਼ ਦਾ ਸਸਕਾਰ ਕਰਨ ਲਈ ਦਬਾਅ ਪਾ ਰਹੀ ਹੈ। ਇਸ ਲਈ ਵਕੀਲ ਨੇ ਹਾਈਕੋਰਟ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਜੈਪਾਲ ਸਿੰਘ ਭੁੱਲਰ ਦੇ ਪੋਸਟ ਮਾਰਟਮ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇ।